ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸੁਲਕਸ਼ਣਾ ਪੰਡਿਤ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 71 ਸਾਲ ਦੀ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੇ ਬੀਤੀ ਰਾਤ 8 ਵਜੇ ਨਾਨਾਵਤੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਭਰਾ ਅਤੇ ਸੰਗੀਤਕਾਰ ਲਲਿਤ ਪੰਡਿਤ ਨੇ ਦੇਹਾਂਤ ਦੀ ਪੁਸ਼ਟੀ ਕੀਤੀ।
ਸੁਲਕਸ਼ਣਾ ਦੇ ਦੇਹਾਂਤ ’ਤੇ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਫਿਲਮ ਜਗਤ ਨਾਲ ਜੁੜੇ ਕਈ ਲੋਕਾਂ ਨੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ।
ਬਹੁ-ਪੱਖੀ ਪ੍ਰਤਿਭਾ ਦੀ ਮਾਲਕ ਸੀ ਸੁਲਕਸ਼ਣਾ ਪੰਡਿਤ
ਬਾਲੀਵੁੱਡ ਵਿੱਚ ਬਹੁ-ਪੱਖੀ ਪ੍ਰਤਿਭਾ ਦੀ ਮਾਲਕ ਸੁਲਕਸ਼ਣਾ ਪੰਡਿਤ ਨੂੰ ਅਜਿਹੀ ਸ਼ਖਸੀਅਤ ਵਜੋਂ ਯਾਦ ਕੀਤਾ ਜਾਵੇਗਾ ਜਿਸਨੇ ਨਾ ਸਿਰਫ਼ ਆਪਣੇ ਸੁਰਾਂ ਦੇ ਜਾਦੂ ਨਾਲ, ਸਗੋਂ ਆਪਣੀ ਦਿਲਕਸ਼ ਅਦਾਵਾਂ ਨਾਲ ਵੀ ਸਿਨੇ ਪ੍ਰੇਮੀਆਂ ਨੂੰ ਮੰਤਰ-ਮੁਗਧ ਕੀਤਾ।
ਪੰਡਿਤ ਜਸਰਾਜ ਦੀ ਭਤੀਜੀ ਸੀ ਸੁਲਕਸ਼ਣਾ
ਸੁਲਕਸ਼ਣਾ ਪੰਡਿਤ ਦਾ ਜਨਮ 1954 ਵਿੱਚ ਹੋਇਆ ਸੀ। ਉਹ ਸੰਗੀਤ-ਪਰਿਵਾਰ ਨਾਲ ਸੰਬੰਧਿਤ ਸਨ। ਸੁਲਕਸ਼ਣਾ ਦੇ ਚਾਚਾ ਮਹਾਨ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਜਸਰਾਜ ਸਨ। ਉਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਤਿੰਨ ਭਰਾ ਸਨ, ਜਿਨ੍ਹਾਂ ਵਿੱਚ ਭਰਾ ਜਤਿਨ-ਲਲਿਤ ਜੋੜੀ ਦੇ ਰੂਪ ਵਿੱਚ ਪ੍ਰਸਿੱਧ ਸੰਗੀਤਕਾਰ ਬਣੇ। ਸੁਲਕਸ਼ਣਾ ਨੇ ਸਿਰਫ਼ ਨੌਂ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂਆਤ ਵਿੱਚ ਉਹ ਸਟੇਜ ਸ਼ੋ ਕਰਦੀ ਸਨ। ਫ਼ਿਲਮਾਂ ਵਿੱਚ ਸੁਲਕਸ਼ਣਾ ਦਾ ਗਾਉਣ ਦਾ ਸਫ਼ਰ ਸਾਲ 1967 ਵਿੱਚ ਆਈ ਫ਼ਿਲਮ ‘ਤਕਦੀਰ’ ਤੋਂ ਸ਼ੁਰੂ ਹੋਇਆ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਲਤਾ ਮੰਗੇਸ਼ਕਰ ਦੇ ਨਾਲ ‘ਸਾਤ ਸੰਮਦਰ ਪਾਰ ਸੇ..’ ਗਾਣਾ ਗਾਇਆ ਸੀ।
ਫਿਲਮ ਉਲਝਣ ਤੋਂ ਕੀਤਾ ਐਕਟਿੰਗ ਡੈਬਿਊ
ਇਸ ਦੌਰਾਨ ਉਨ੍ਹਾਂ ਨੂੰ ਫਿਲਮਾਂ ਵਿੱਚ ਐਕਟਿੰਗ ਲਈ ਵੀ ਆਫਰ ਮਿਲਣ ਲੱਗੇ। ਸਾਲ 1975 ਵਿੱਚ ਉਨ੍ਹਾਂ ਨੇ ਫਿਲਮ ‘ਉਲਝਣ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂ ਨੂੰ 1976 ਵਿੱਚ ਫਿਲਮ ‘ਸੰਕਲਪ’ ਦੇ ਗਾਣੇ ‘ਤੂੰ ਸਾਗਰ ਹੈ…’ ਲਈ ਫਿਲਮਫੇਅਰ ਅਵਾਰਡ ਮਿਲਿਆ ਸੀ। ਸੁਲਕਸ਼ਣਾ ਨੇ 1970-80 ਦੇ ਦਹਾਕੇ ਵਿੱਚ ‘ਉਲਝਣ’, ‘ਸੰਕੋਚ’, ‘ਆਪਣਾਪਨ’ ਅਤੇ ਹੇਰਾ ਫੇਰੀ ਜਿਹੀਆਂ ਕਈ ਫਿਲਮਾਂ ਕੀਤੀਆਂ।
ਉਨ੍ਹਾਂ ਨੇ ਉਸ ਸਮੇਂ ਦੇ ਲਗਭਗ ਸਾਰੇ ਟਾਪ ਅਦਾਕਾਰਾਂ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ‘ਹੇਰਾ ਫੇਰੀ’, ‘ਸ਼ੰਕਰ ਸ਼ੰਭੂ’, ‘ਆਪਣਾਪਨ’, ‘ਕਸਮ ਖ਼ੂਨ ਕੀ’, ‘ਅਮਰ ਸ਼ਕਤੀ’, ‘ਖ਼ਾਨਦਾਨ’, ‘ਗੰਗਾ ਔਰ ਸੂਰਜ’, ‘ਚਿਹਰੇ ਪੇ ਚਿਹਰਾ’, ‘ਰਾਜ’, ‘ਧਰਮਕਾਂਟਾ’, ‘ਵਕਤ ਕੀ ਦੀਵਾਰ’, ‘ਕਾਲਾ ਸੂਰਜ’ ਜਿਹੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਆਖ਼ਰੀ ਵਾਰ 1988 ਵਿੱਚ ਆਈ ਫ਼ਿਲਮ ‘ਦੋ ਵਕਤ ਕੀ ਰੋਟੀ’ ਵਿੱਚ ਨਜ਼ਰ ਆਈ ਸੀ।
ਵਿਆਹ ਨਹੀ ਕਰਵਾਇਆ
ਅਜਿਹਾ ਕਿਹਾ ਜਾਂਦਾ ਹੈ ਕਿ ਸੁਲਕਸ਼ਨਾ ਅਭਿਨੇਤਾ ਸੰਜੀਵ ਕੁਮਾਰ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਸੰਜੀਵ ਕੁਮਾਰ ਨੇ ਉਹਨਾਂ ਦਾ ਪ੍ਰਸਤਾਵ ਠੁਕਰਾ ਦਿੱਤਾ। ਸੰਜੀਵ ਕੁਮਾਰ ਦੇ ਇਨਕਾਰ ਤੋਂ ਬਾਅਦ ਸੁਲਕਸ਼ਣਾ ਪੰਡਿਤ ਟੁੱਟ ਗਈ। ਉਹਨਾਂ ਨੇ ਜੀਵਨ ਭਰ ਅਣਵਿਆਹੀ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਜੀਵਨ ਇਕੱਲਤਾ ਵਿੱਚ ਬਿਤਾਇਆ।
ਉਨ੍ਹਾਂ ਦੀ ਆਵਾਜ਼ ਆਖ਼ਰੀ ਵਾਰ 1996 ਦੀ ਫ਼ਿਲਮ ‘ਖਾਮੋਸ਼ੀ: ਦ ਮਿਊਜ਼ੀਕਲ’ ਦੇ ਗਾਣੇ ‘ਸਾਗਰ ਕਿਨਾਰੇ ਵੀ ਦੋ ਦਿਲ’ ਵਿੱਚ ਸੁਣਾਈ ਦਿੱਤੀ, ਜਿਸਨੂੰ ਉਨ੍ਹਾਂ ਦੇ ਭਰਾਵਾਂ ਜਤਿਨ-ਲਲਿਤ ਨੇ ਕੰਪੋਜ਼ ਕੀਤਾ ਸੀ।
