ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਔਰਤ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਾਰਦਾਤ ਤੋਂ ਮਹਿਜ਼ 6 ਘੰਟਿਆਂ ਦੇ ਅੰਦਰ ਪੁਲਿਸ ਨੇ ਦੋ ਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕੋਟ ਖਾਲਸਾ ਇਲਾਕੇ ਵਿੱਚ ਮੁਲਜ਼ਮਾਂ ਨੂੰ ਕਾਬੂ ਕਰਨ ਸਮੇਂ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਦੌਰਾਨ ਦੋਵੇਂ ਸ਼ੂਟਰ ਲੱਤਾਂ ਵਿੱਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੁਲਿਸ ਅਨੁਸਾਰ ਗੁਰੂ ਕੀ ਵਡਾਲੀ ਇਲਾਕੇ ਵਿੱਚ ਹੋਈ ਗੋਲੀਬਾਰੀ ਦੌਰਾਨ ਸਿਮਰਨਜੀਤ ਨਾਮਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ। ਇਸ ਦੌਰਾਨ ਉੱਥੇ ਹੀ ਬੈਠ ਕੇ ਕੰਮ ਕਰ ਰਹੀ ਉਸ ਦੀ ਗੁਆਂਢਣ ਦਲਬੀਰ ਕੌਰ ਨੂੰ ਵੀ ਗੋਲੀ ਲੱਗ ਗਈ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਂਚ ਦੌਰਾਨ ਪੁਲਿਸ ਦੇ ਸਾਹਮਣੇ ਇੱਕ ਵੱਡੀ ਸਾਜ਼ਿਸ਼ ਵੀ ਆਈ ਹੈ। ਪੁਲਿਸ ਕਮਿਸ਼ਨਰ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸ਼ੂਟਰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅੰਕੁਸ਼ ਬਾਮਣ ਦੇ ਸੰਪਰਕ ਵਿੱਚ ਸਨ। ਦੱਸਿਆ ਗਿਆ ਹੈ ਕਿ ਅੰਕੁਸ਼ ਬਾਮਣ ਅਤੇ ਕੇਸ਼ਵ ਸ਼ਿਵਾਲਾ ਨੇ ਉਨ੍ਹਾਂ ਨੂੰ ਬਟਾਲਾ ਦੇ ਇੱਕ ਸਰਪੰਚ ਜਾਂ ਉਸ ਦੇ ਸੁਰੱਖਿਆ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਣ ਲਈ 20 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ।
ਹਾਲਾਂਕਿ ਗੁਰੂ ਕੀ ਵਡਾਲੀ ਵਿੱਚ ਹੋਈ ਗੋਲੀਬਾਰੀ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਸ਼ੂਟਰ ਹਰਮਨਪ੍ਰੀਤ ਦਾ ਪਹਿਲਾਂ ਸਿਮਰਨਜੀਤ ਨਾਲ ਪੱਗ ਉਤਾਰਨ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸੇ ਰੰਜਿਸ਼ ਕਾਰਨ ਜਦੋਂ ਹਰਮਨਪ੍ਰੀਤ ਦਾ ਸਾਹਮਣਾ ਸਿਮਰਨਜੀਤ ਨਾਲ ਹੋਇਆ ਤਾਂ ਉਸ ਨੇ ਗੋਲੀ ਚਲਾ ਦਿੱਤੀ। ਗੋਲੀ ਸਿਮਰਨਜੀਤ ਦੀ ਛਾਤੀ ਵਿੱਚ ਲੱਗਣ ਤੋਂ ਬਾਅਦ ਦਿਸ਼ਾ ਬਦਲ ਕੇ ਉੱਥੇ ਮੌਜੂਦ ਦਲਬੀਰ ਕੌਰ ਨੂੰ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਡੀ.ਸੀ.ਪੀ. ਸਿਟੀ ਜਸਕਰਨ ਤੇਜਾ ਦੀ ਅਗਵਾਈ ਹੇਠ ਏ.ਸੀ.ਪੀ. ਵੈਸਟ ਅਤੇ ਐੱਸ.ਐੱਚ.ਓ. ਛੇਹਰਟਾ ਬਲਵਿੰਦਰ ਸਿੰਘ ਦੀਆਂ ਟੀਮਾਂ ਨੇ ਤਕਨੀਕੀ ਜਾਂਚ ਰਾਹੀਂ ਮੁਲਜ਼ਮਾਂ ਦਾ ਪਤਾ ਲਗਾਇਆ। ਇਸ ਤੋਂ ਬਾਅਦ ਕੋਟ ਖਾਲਸਾ ਇਲਾਕੇ ਵਿੱਚ ਉਨ੍ਹਾਂ ਦੀ ਘੇਰਾਬੰਦੀ ਕੀਤੀ ਗਈ। ਪੁਲਿਸ ਨੂੰ ਦੇਖਦਿਆਂ ਹੀ ਮੁਲਜ਼ਮਾਂ ਨੇ ਤਿੰਨ ਰਾਊਂਡ ਫਾਇਰ ਕਰ ਦਿੱਤੇ। ਜਵਾਬੀ ਕਾਰਵਾਈ ਅਤੇ ਸਵੈ-ਰੱਖਿਆ ਵਿੱਚ ਪੁਲਿਸ ਵੱਲੋਂ ਪੰਜ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਹਰਮਨਪ੍ਰੀਤ ਅਤੇ ਜਗਰੂਪ ਜ਼ਖ਼ਮੀ ਹੋ ਗਏ। ਦੋਵੇਂ ਮੁਲਜ਼ਮ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮੁਕਾਬਲੇ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ 9 ਐੱਮ.ਐੱਮ. ਪਿਸਤੌਲ, ਤਿੰਨ ਖ਼ਾਲੀ ਕਾਰਤੂਸਾਂ ਦੇ ਖੋਲ, ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ, ਮੋਬਾਈਲ ਫ਼ੋਨ ਅਤੇ ਸੁਪਾਰੀ ਵਜੋਂ ਮਿਲੀ ਰਕਮ ਵਿੱਚੋਂ 7 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਸ਼ੂਟਰਾਂ ਦੀ ਗ੍ਰਿਫ਼ਤਾਰੀ ਨਾਲ ਬਟਾਲਾ ਵਿੱਚ ਹੋਣ ਵਾਲੀ ਇੱਕ ਹੋਰ ਵੱਡੀ ਵਾਰਦਾਤ ਨੂੰ ਟਾਲ ਦਿੱਤਾ ਗਿਆ ਹੈ। ਇਸ ਸਬੰਧੀ ਬਟਾਲਾ ਪੁਲਿਸ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਹੁਣ ਪੁਲਿਸ ਵੱਲੋਂ ਗੈਂਗਸਟਰ ਅੰਕੁਸ਼ ਬਾਮਣ ਦੇ ਸਥਾਨਕ ਸਾਥੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
