Home ਪੰਜਾਬ ‘ਆਪ’ ਵਿਧਾਇਕਾ ਦੇ ਟਿਕਾਣਿਆਂ ’ਤੇ ਦੂਜੇ ਦਿਨ ਵੀ ED ਦੀ ਰੇਡ ਜਾਰੀ

‘ਆਪ’ ਵਿਧਾਇਕਾ ਦੇ ਟਿਕਾਣਿਆਂ ’ਤੇ ਦੂਜੇ ਦਿਨ ਵੀ ED ਦੀ ਰੇਡ ਜਾਰੀ

0

ਮੋਗਾ: ਪੰਜਾਬ ਦੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਰਹੀ। ਬੁੱਧਵਾਰ ਤੜਕਸਾਰ ਸ਼ੁਰੂ ਹੋਈ ਛਾਪੇਮਾਰੀ ਦੌਰਾਨ ਸੁਰੱਖਿਆ ਅਧਿਕਾਰੀਆਂ ਨੇ ਵਿਧਾਇਕਾ ਦੇ ਦੋਵੇਂ ਘਰਾਂ ਨੂੰ ਸੀਲ ਕਰ ਦਿੱਤਾ ਸੀ।

ਜਾਣਕਾਰੀ ਅਨੁਸਾਰ ED ਦੀਆਂ ਟੀਮਾਂ ਨੇ ਸਵੇਰੇ ਕਰੀਬ 5:30 ਵਜੇ ਲੁਧਿਆਣਾ ਰੋਡ ਸਥਿਤ ਆਈਕਨ ਹਾਈਟਸ ਫਲੈਟ ’ਤੇ ਛਾਪਾ ਮਾਰਿਆ। ਇਸ ਤੋਂ ਬਾਅਦ ਸਵੇਰੇ ਲਗਭਗ 6 ਵਜੇ ਅਧਿਕਾਰੀ ਵਿਧਾਇਕਾ ਨੂੰ ਨਾਲ ਲੈ ਕੇ ਦੁਸਾਂਝ ਰੋਡ ਸਥਿਤ ਉਨ੍ਹਾਂ ਦੀ ਕੋਠੀ ਪਹੁੰਚੇ, ਜਿੱਥੇ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਥਾਵਾਂ ’ਤੇ ਦੂਜੇ ਦਿਨ ਵੀ ਜਾਂਚ ਜਾਰੀ ਰਹੀ।

ਹਾਲਾਂਕਿ ED ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਸੂਤਰਾਂ ਮੁਤਾਬਕ ਇਹ ਕਾਰਵਾਈ ਕੌਮੀ ਸ਼ਾਹ ਮਾਰਗ ਲਈ ਸਰਕਾਰੀ ਜ਼ਮੀਨ ਐਕਵਾਇਰ ਕਰਨ ਸਮੇਂ ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਅਤੇ ਧੋਖਾਧੜੀ ਦੇ ਮਾਮਲੇ ਨਾਲ ਜੁੜੀ ਹੋਈ ਹੈ। ਇਸ ਸਬੰਧੀ ਪੰਜਾਬ ਭਰ ਵਿੱਚ ਵਿਧਾਇਕਾ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਨਾਲ ਜੁੜੇ ਸੱਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਕੀ ਹੈ ਪੂਰਾ ਮਾਮਲਾ?

ਮਾਮਲਾ ਕੌਮੀ ਸ਼ਾਹ ਮਾਰਗ 754-A ਲਈ ਜ਼ਮੀਨ ਐਕਵਾਇਰ ਕਰਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਹ ਮਾਰਗ ਜਲੰਧਰ ਤੋਂ ਧਰਮਕੋਟ ਰਾਹੀਂ ਲੰਘਦਾ ਹੈ। ਜਾਣਕਾਰੀ ਅਨੁਸਾਰ ਐਕਵਾਇਰ ਕੀਤੀ ਗਈ ਸਰਕਾਰੀ ਜ਼ਮੀਨ ਦਾ ਕਥਿਤ ਤੌਰ ’ਤੇ ਗਲਤ ਇੰਤਕਾਲ ਕਰਵਾਇਆ ਗਿਆ ਸੀ।

ਇਸ ਮਾਮਲੇ ਵਿੱਚ ਪਟਵਾਰੀ ਨਵਦੀਪ ਸਿੰਘ ਵੱਲੋਂ ਪਿੰਡ ਕਿਸ਼ਨਪੁਰਾ ਖੁਰਦ ਦੀ ਰਹਿਣ ਵਾਲੀ ਦਿਲਕੁਸ਼ ਕੁਮਾਰੀ ਦੇ ਖਾਤੇ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਪਾਏ ਜਾਣ ਦੀ ਗੱਲ ਸਾਹਮਣੇ ਆਈ ਸੀ। ਬਾਅਦ ਵਿੱਚ ਜਾਂਚ ਦੌਰਾਨ ਸਬੰਧਤ ਜ਼ਮੀਨ ਸਰਕਾਰੀ ਹੋਣ ਦਾ ਪਤਾ ਲੱਗਣ ਦੀ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਵਿੱਚ 16 ਜੂਨ 2024 ਨੂੰ ਪਟਵਾਰੀ ਨਵਦੀਪ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਸੂਤਰਾਂ ਅਨੁਸਾਰ ਇਸੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ED ਵੱਲੋਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਟਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਾਘਾਪੁਰਾਣਾ ਵਿੱਚ ਵਿਧਾਇਕਾ ਦੇ ਪਤੀ ਡਾ. ਰਾਕੇਸ਼ ਅਰੋੜਾ ਦੀ ਮਲਕੀਅਤ ਵਾਲੇ ਨਿੱਜੀ ਨਸ਼ਾ ਛੁਡਾਊ ਹਸਪਤਾਲ ’ਤੇ ਵੀ ED ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version