ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਅੱਜ ਸਵੇਰੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਦੇ ਮੁਤਾਬਕ, ਸਵੇਰੇ 3 ਵੱਜ ਕੇ 12 ਮਿੰਟ ‘ਤੇ ਰਿਕਟਰ ਪੈਮਾਨੇ ‘ਤੇ 3.4 ਤੀਬਰਤਾ ਦਾ ਕੰਪਨ ਦਰਜ ਕੀਤਾ ਗਿਆ, ਜਿਸਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਨੀਚੇ ਸੀ।
ਹਾਲਾਂਕਿ, ਝਟਕੇ ਹਲਕੇ ਹੋਣ ਦੇ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ।
ਸਾਉਥ ਵਿੱਚ ਕਿਉ ਘੱਟ ਆਉਂਦੇ ਹਨ ਭੂਚਾਲ?
ਐਨ.ਸੀ.ਐਸ. ਦੇ ਅੰਕੜਿਆਂ ਅਨੁਸਾਰ, ਭੂਚਾਲ ਦਾ ਕੇਂਦਰ 15.62° ਉੱਤਰ ਅਕਸ਼ਾਂਸ਼ ਅਤੇ 79.55° ਪੂਰਬੀ ਦੇਸ਼ਾਂਤਰ ‘ਤੇ ਸਥਿਤ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਦੱਖਣੀ ਭਾਰਤ ਦੀ ਜ਼ਮੀਨ ਭੂ-ਵਿਗਿਆਨਕ ਤੌਰ ‘ਤੇ ਪੁਰਾਣੀ ਅਤੇ ਉੱਤਰੀ ਭਾਰਤ ਨਾਲੋਂ ਵਧੇਰੇ ਸਥਿਰ ਹੈ। ਇੱਥੇ ਟੈਕਟੋਨਿਕ ਪਲੇਟਾਂ ਘੱਟ ਸਰਗਰਮ ਹਨ, ਜਿਸ ਕਾਰਨ ਤਾਮਿਲਨਾਡੂ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰ ਭੂਚਾਲ ਜ਼ੋਨ II ਜਾਂ ਜ਼ੋਨ III ਵਿੱਚ ਆਉਂਦੇ ਹਨ, ਜਿਸ ਕਾਰਨ ਉਹ ਵੱਡੇ ਖ਼ਤਰੇ ਦੀ ਸੰਭਾਵਨਾ ਘੱਟ ਰਹਿੰਦੀ ਹੈ।
ਲੇਹ-ਲਦਾਖ ਵਿੱਚ ਵੀ ਲੱਗੇ ਭੂਚਾਲ ਦੇ ਝਟਕੇ
ਕੁਦਰਤ ਦਾ ਇਹ ਕਹਿਰ ਰੁਕ-ਰੁਕ ਕੇ ਵੱਖ-ਵੱਖ ਥਾਵਾਂ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਆਂਧਰਾ ਪ੍ਰਦੇਸ਼ ਤੋਂ ਠੀਕ ਇੱਕ ਦਿਨ ਪਹਿਲਾਂ, ਵੀਰਵਾਰ ਸਵੇਰੇ ਲੇਹ-ਲੱਦਾਖ ਵਿੱਚ ਵੀ ਧਰਤੀ ਹਿੱਲ ਗਈ ਸੀ। ਉੱਥੇ ਸਵੇਰੇ 5:51 ਵਜੇ 4.0 ਤੀਬਰਤਾ ਦਾ ਦਰਮਿਆਨੇ ਦਰਜੇ ਦਾ ਭੂਚਾਲ ਆਇਆ ਸੀ, ਜਿਸ ਨਾਲ ਘਬਰਾ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸਨ।
