ਦਿੱਲੀ: ਭਾਰਤ ਨੇ ਰੱਖਿਆ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਐਂਟੀ-ਰੇਡੀਏਸ਼ਨ ਮਿਜ਼ਾਈਲ ‘ਰੁਦਰਮ-2’ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵੱਲੋਂ ਮੰਗਲਵਾਰ ਨੂੰ ਕੀਤੇ ਗਏ ਇਸ ਪ੍ਰੀਖਣ ਨੂੰ ਭਾਰਤੀ ਹਵਾਈ ਸੈਨਾ ਦੀ ਹਮਲਾਵਰ ਸਮਰੱਥਾ ਵਿੱਚ ਇੱਕ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ।
ਇਸ ਮਿਜ਼ਾਈਲ ਦਾ ਪ੍ਰੀਖਣ ਭਾਰਤੀ ਹਵਾਈ ਸੈਨਾ ਦੇ ਸ਼ਕਤੀਸ਼ਾਲੀ Sukhoi Su-30MKI ਲੜਾਕੂ ਜਹਾਜ਼ ਤੋਂ ਕੀਤਾ ਗਿਆ। ਪ੍ਰੀਖਣ ਦੌਰਾਨ ਮਿਜ਼ਾਈਲ ਨੇ ਆਪਣੇ ਸਾਰੇ ਨਿਰਧਾਰਿਤ ਟੀਚਿਆਂ ਨੂੰ ਸਫਲਤਾਪੂਰਵਕ ਹਾਸਲ ਕੀਤਾ ਅਤੇ ਇਸਦੀ ਕਾਰਗੁਜ਼ਾਰੀ ਉਮੀਦਾਂ ਅਨੁਸਾਰ ਰਹੀ।
ਰੁਦਰਮ-2 ਇੱਕ ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਅਧੁਨਿਕ ਐਂਟੀ-ਰੇਡੀਏਸ਼ਨ ਮਿਜ਼ਾਈਲ ਹੈ, ਜਿਸ ਨੂੰ ਖਾਸ ਤੌਰ ‘ਤੇ ਦੁਸ਼ਮਣ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਨਸ਼ਟ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੀ ਮਾਰਕ ਸਮਰੱਥਾ ਲਗਭਗ 300 ਕਿਲੋਮੀਟਰ ਤੱਕ ਹੈ, ਜਿਸ ਨਾਲ ਇਹ ਲੰਬੀ ਦੂਰੀ ਤੋਂ ਹੀ ਦੁਸ਼ਮਣ ਦੇ ਮਹੱਤਵਪੂਰਨ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ।
ਰੱਖਿਆ ਮਾਹਿਰਾਂ ਦੇ ਅਨੁਸਾਰ, ਰੁਦਰਮ-2 ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਦੁਸ਼ਮਣ ਦੇ ਰਾਡਾਰ ਸਿਸਟਮ, ਸੰਚਾਰ ਕੇਂਦਰਾਂ ਅਤੇ ਇਲੈਕਟ੍ਰਾਨਿਕ ਨਿਗਰਾਨੀ ਨੈੱਟਵਰਕ ਨੂੰ ਖੋਜ ਕੇ ਨਸ਼ਟ ਕਰ ਸਕਦੀ ਹੈ। ਇਹ ਮਿਜ਼ਾਈਲ ਇਲੈਕਟ੍ਰੋਮੈਗਨੈਟਿਕ ਸਿਗਨਲਾਂ ਨੂੰ ਟਰੈਕ ਕਰਦੀ ਹੈ ਅਤੇ ਉਨ੍ਹਾਂ ਦੇ ਸਰੋਤ ਤੱਕ ਪਹੁੰਚ ਕੇ ਟੀਚੇ ਨੂੰ ਤਬਾਹ ਕਰਦੀ ਹੈ।
ਖਾਸ ਗੱਲ ਇਹ ਹੈ ਕਿ ਰੁਦਰਮ-2 ਦੁਸ਼ਮਣ ਦੇ ਰਾਡਾਰਾਂ ਨੂੰ ਉਸ ਸਮੇਂ ਵੀ ਲੱਭ ਸਕਦੀ ਹੈ ਜਦੋਂ ਉਹ ਬੰਦ ਕਰ ਦਿੱਤੇ ਜਾਣ। ਇਹ ਵਿਸ਼ੇਸ਼ਤਾ ਇਸਨੂੰ ਆਧੁਨਿਕ ਯੁੱਧ ਮੈਦਾਨ ਵਿੱਚ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀ ਹੈ, ਕਿਉਂਕਿ ਕਈ ਵਾਰ ਦੁਸ਼ਮਣ ਹਮਲੇ ਤੋਂ ਬਚਣ ਲਈ ਆਪਣੇ ਰਾਡਾਰ ਸਿਸਟਮ ਅਸਥਾਈ ਤੌਰ ‘ਤੇ ਬੰਦ ਕਰ ਦਿੰਦਾ ਹੈ।
ਰੁਦਰਮ-2 ਦੇ ਸਫਲ ਪ੍ਰੀਖਣ ਨਾਲ ਭਾਰਤ ਦੀ ਸਵਦੇਸ਼ੀ ਰੱਖਿਆ ਤਕਨਾਲੋਜੀ ਨੂੰ ਵੱਡਾ ਬਲ ਮਿਲਿਆ ਹੈ। ਇਹ ਪ੍ਰੋਜੈਕਟ ‘ਆਤਮਨਿਰਭਰ ਭਾਰਤ’ ਮੁਹਿੰਮ ਤਹਿਤ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਰੱਖਿਆ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਮਿਜ਼ਾਈਲ ਭਵਿੱਖ ਵਿੱਚ ਭਾਰਤੀ ਹਵਾਈ ਸੈਨਾ ਦੀ ਰਣਨੀਤਕ ਤਾਕਤ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਕਿਸੇ ਵੀ ਸੰਭਾਵਿਤ ਟਕਰਾਅ ਦੌਰਾਨ ਦੁਸ਼ਮਣ ਦੀ ਹਵਾਈ ਰੱਖਿਆ ਨੂੰ ਬੇਅਸਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
