Home ਦੇਸ਼ ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਕੈਬ ਡਰਾਈਵਰ ਨੇ 7 ਲੋਕਾਂ ਦੀ...

ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਕੈਬ ਡਰਾਈਵਰ ਨੇ 7 ਲੋਕਾਂ ਦੀ ਲਈ ਜਾਨ

0

ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਰਾਜਾਜੀਨਗਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ ਸਾਹਮਣੇ ਆਇਆ ਹੈ। ਇੱਥੇ ਇੱਕ 45 ਸਾਲਾ ਕੈਬ ਡਰਾਈਵਰ ’ਤੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਸੱਤ ਜੀਆਂ ਦਾ ਕਤਲ ਕਰਨ ਦਾ ਦੋਸ਼ ਹੈ। ਮੁਲਜ਼ਮ ਦੀ ਪਛਾਣ ਇੰਦੂਸ਼ੇਖਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਪੁਲਿਸ ਕੋਲ ਦਾਅਵਾ ਕੀਤਾ ਕਿ ਉਸ ਦਾ ਆਪਣੀ ਪਤਨੀ ਨਾਲ ਅਕਸਰ ਝਗੜਾ ਹੁੰਦਾ ਸੀ। ਇਸ ਬਾਰੇ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਵੀ ਦੱਸਿਆ ਸੀ, ਪਰ ਉਸ ਦੇ ਮੁਤਾਬਕ ਸਹੁਰੇ ਪਰਿਵਾਰ ਵੱਲੋਂ ਹਰ ਵਾਰ ਪਤਨੀ ਦਾ ਪੱਖ ਲਿਆ ਜਾਂਦਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਕਥਿਤ ਤੌਰ ’ਤੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।

ਰਿਪੋਰਟਾਂ ਅਨੁਸਾਰ ਮ੍ਰਿਤਕਾਂ ਵਿੱਚ ਮੁਲਜ਼ਮ ਦੀ ਪਤਨੀ ਸੁਨੀਤਾ, ਸੱਸ ਰੂਪਵਤੀ, ਦੋ ਸਾਲੇ ਸ਼ਿਵਕੁਮਾਰ ਅਤੇ ਸ਼ੰਕਰ, ਉਨ੍ਹਾਂ ਦੀਆਂ ਪਤਨੀਆਂ ਦਿਵਿਆ ਅਤੇ ਨਲਿਨੀ ਅਤੇ ਸਾਲੇ ਦਾ 7 ਸਾਲਾ ਪੁੱਤਰ ਸ਼ਾਮਲ ਹਨ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ। ਇਸ ਤੋਂ ਬਾਅਦ ਉਸ ਨੇ ਆਪਣੇ ਦੋਵਾਂ ਸਾਲਿਆਂ ਨੂੰ ਪਾਰਟੀ ਦੇਣ ਦੇ ਬਹਾਨੇ ਬੁਲਾਇਆ ਅਤੇ ਉਨ੍ਹਾਂ ਦੀ ਵੀ ਹੱਤਿਆ ਕਰ ਦਿੱਤੀ। ਫਿਰ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਕਤਲ ਲਈ ਸਿਲਵਟੇ ਦੀ ਵਰਤੋਂ ਕੀਤੀ ਅਤੇ ਵਾਰਦਾਤ ਤੋਂ ਬਾਅਦ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਦੋਸ਼ ਹੈ ਕਿ ਉਸ ਨੇ ਲਾਸ਼ਾਂ ਨੂੰ ਵੱਖ-ਵੱਖ ਥਾਵਾਂ ’ਤੇ ਸੁੱਟਿਆ ਅਤੇ ਖੂਨ ਦੇ ਨਿਸ਼ਾਨ ਮਿਟਾਉਣ ਲਈ ਰਸਾਇਣਾਂ ਦੀ ਵਰਤੋਂ ਕੀਤੀ।

ਪੁਲਿਸ ਨੇ ਜਾਂਚ ਦੌਰਾਨ ਇੱਕ ਲਾਸ਼ ਬਰਾਮਦ ਕਰ ਲਈ ਹੈ, ਜਦਕਿ ਬਾਕੀ ਲਾਸ਼ਾਂ ਦੀ ਭਾਲ ਅਤੇ ਘਟਨਾ ਨਾਲ ਜੁੜੇ ਹੋਰ ਸਬੂਤ ਇਕੱਠੇ ਕਰਨ ਦੀ ਕਾਰਵਾਈ ਜਾਰੀ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਤਲਕਾਂਡ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version