Home ਪੰਜਾਬ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੀਵਾਲੀ ‘ਤੇ ਪਟਾਕੇ ਵੇਚਣ ਵਾਲਿਆਂ ਲਈ ਸਖ਼ਤ ਆਦੇਸ਼ ਕੀਤੇ...

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੀਵਾਲੀ ‘ਤੇ ਪਟਾਕੇ ਵੇਚਣ ਵਾਲਿਆਂ ਲਈ ਸਖ਼ਤ ਆਦੇਸ਼ ਕੀਤੇ ਜਾਰੀ

0

ਫਾਜ਼ਿਲਕਾ: ਦੀਵਾਲੀ ਸਮੇਤ ਹੋਰ ਤਿਉਹਾਰਾਂ ਦੇ ਮੌਕੇ ‘ਤੇ ਪਟਾਕਿਆਂ ਦੀ ਵਿਕਰੀ ਦੇ ਲਈ ਅਸਥਾਈ ਲਾਇਸੈਂਸ ਪ੍ਰਾਪਤ ਕਰਨ ਦੇ ਇਛੁਕਾਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 29 ਸਤੰਬਰ, 2025 ਤੋਂ 3 ਅਕਤੂਬਰ, 2025 ਤੱਕ ਨਿਰਧਾਰਤ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਅਰਜ਼ੀਆਂ ਜ਼ਿਲ੍ਹੇ ਦੇ ਸੇਵਾ ਕੇਂਦਰਾਂ ‘ਤੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548, 2017 ਵਿੱਚ ਪਾਸ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪਟਾਕੇ ਸਿਰਫ਼ ਦੀਵਾਲੀ ਵਾਲੇ ਦਿਨ, 20 ਅਕਤੂਬਰ, 2025 ਨੂੰ ਰਾਤ 8:00 ਵਜੇ ਤੋਂ ਰਾਤ 10:00 ਵਜੇ ਤੱਕ, ਗੁਰੂਪੁਰਬ ‘ਤੇ ਸਵੇਰੇ 4:00 ਵਜੇ ਤੋਂ ਸਵੇਰੇ 5:00 ਵਜੇ ਤੱਕ ਅਤੇ ਰਾਤ 9:00 ਵਜੇ ਤੋਂ ਰਾਤ 10:00 ਵਜੇ ਤੱਕ ਅਤੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨ ਰਾਤ 11:55 ਵਜੇ ਤੋਂ 12:30 ਵਜੇ ਤੱਕ ਚਲਾਉਣ ਦੀ ਇਜਾਜ਼ਤ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਜ਼ਿਲ੍ਹੇ ਵਿੱਚ ਕੁੱਲ 67 ਅਸਥਾਈ ਲਾਇਸੈਂਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਵਿੱਚ ਫਾਜ਼ਿਲਕਾ ਵਿੱਚ 18, ਅਬੋਹਰ ਵਿੱਚ 25, ਜਲਾਲਾਬਾਦ ਵਿੱਚ 18 ਅਤੇ ਅਰਨੀਵਾਲਾ ਸ਼ੇਖਸੁਭਾਨ ਵਿੱਚ 6 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲਾਇਸੈਂਸ ਧਾਰਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ। ਉਲੰਘਣਾ ਕਰਨ ਵਾਲਿਆਂ ‘ਤੇ ਪੁਲਿਸ ਵਿਭਾਗ ਦੁਆਰਾ ਵਿਸਫੋਟਕ ਨਿਯਮਾਂ 2008 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਵਿੱਚ ਨਿਰਧਾਰਤ ਸਥਾਨ ਇਸ ਪ੍ਰਕਾਰ ਹਨ:
ਫਾਜ਼ਿਲਕਾ ਲਈ ਐਮ.ਆਰ. ਮਲਟੀਪਰਪਜ਼ ਸਪੋਰਟਸ ਸਟੇਡੀਅਮ; ਕਾਲਜ ਰੋਡ ਫਾਜ਼ਿਲਕਾ ਲਈ (ਖੇਡ ਦੇ ਮੈਦਾਨ ਨੂੰ ਛੱਡ ਕੇ), ਅਬੋਹਰ ਲਈ ਪੁਡਾ ਕਲੋਨੀ ਫਾਜ਼ਿਲਕਾ ਰੋਡ ਅਬੋਹਰ, ਜਲਾਲਾਬਾਦ ਲਈ ਮਲਟੀਪਰਪਜ਼ ਸਪੋਰਟਸ ਸਟੇਡੀਅਮ ਜਲਾਲਾਬਾਦ (ਖੇਡ ਦੇ ਮੈਦਾਨ ਨੂੰ ਛੱਡ ਕੇ) ਅਤੇ ਅਰਨੀਵਾਲਾ ਲਈ ਸ਼ੇਖਸੁਭਾਨ ਲਈ ਪੁਲਿਸ ਸਟੇਸ਼ਨ ਅਰਨੀਵਾਲਾ ਦੇ ਨਾਲ ਲੱਗਦੀ ਪੰਚਾਇਤੀ ਜ਼ਮੀਨ ਸ਼ੇਖਸੁਭਾਨ ਨੂੰ ਨਿਰਧਾਰਤ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version