ਸੀਤਾਪੁਰ: ਸੀਤਾਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੀ ਸਵੇਰ ਟਾਊਨ ਹਾਲ ਕੰਪਲੈਕਸ ਸਥਿਤ ਸਮਾਜਵਾਦੀ ਪਾਰਟੀ (ਐਸ.ਪੀ) ਦੇ ਜ਼ਿਲ੍ਹਾ ਦਫ਼ਤਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਭਾਰੀ ਪੁਲਿਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਤਿੰਨ ਹਜ਼ਾਰ ਵਰਗ ਫੁੱਟ ਦੀ ਪੂਰੀ ਇਮਾਰਤ ਨੂੰ ਪੰਜ ਬੁਲਡੋਜ਼ਰਾਂ ਨਾਲ ਮਲਬੇ ਵਿੱਚ ਢਾਹ ਦਿੱਤਾ ਗਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਐਸ.ਪੀ ਦਫ਼ਤਰ ਸਰਕਾਰੀ ਜ਼ਮੀਨ ’ਤੇ ਬਣਾਇਆ ਗਿਆ ਸੀ। ਇਸ ਕੀਮਤੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਕਾਫੀ ਸਮੇਂ ਤੋਂ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਸੀ। ਪ੍ਰਸ਼ਾਸਨ ਵੱਲੋਂ ਦਫ਼ਤਰ ਖਾਲੀ ਕਰਨ ਦੇ ਲਗਾਤਾਰ ਨੋਟਿਸ ਦਿੱਤੇ ਜਾ ਰਹੇ ਸਨ। 6 ਜੂਨ ਨੂੰ ਜ਼ਿਲ੍ਹਾ ਮੈਜਿਸਟਰੇਟ ਰਾਜਾ ਗਣਪਤੀ ਆਰ ਨੇ ਐਸ.ਪੀ ਜ਼ਿਲ੍ਹਾ ਪ੍ਰਧਾਨ ਛਤਰਪਾਲ ਸਿੰਘ ਯਾਦਵ ਨੂੰ 15 ਦਿਨਾਂ ਦੇ ਅੰਦਰ ਦਫ਼ਤਰ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਨੋਟਿਸ ਪੀਰੀਅਡ ਅਤੇ ਪ੍ਰਸ਼ਾਸਨਿਕ ਦਬਾਅ ਤੋਂ ਬਾਅਦ ਐਸ.ਪੀ ਅਧਿਕਾਰੀਆਂ ਨੇ ਦੋ ਦਿਨ ਪਹਿਲਾਂ ਦਫ਼ਤਰ ਖਾਲੀ ਕਰ ਦਿੱਤਾ ਸੀ।
ਐਸ.ਪੀ ਦੇ ਜ਼ਿਲ੍ਹਾ ਪ੍ਰਧਾਨ ਛਤਰਪਾਲ ਸਿੰਘ ਯਾਦਵ ਨੇ ਦੱਸਿਆ ਕਿ ਉਨ੍ਹਾਂ 18 ਜੂਨ ਨੂੰ ਹੀ ਦਫ਼ਤਰ ਖਾਲੀ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਮੰਗ ਕੀਤੀ ਸੀ ਕਿ ਕਿਉਂਕਿ ਸਮਾਜਵਾਦੀ ਪਾਰਟੀ ਦੇ ਦਫ਼ਤਰ ਦੀ ਇਮਾਰਤ ਚੰਦੇ ਨਾਲ ਬਣੀ ਹੈ, ਇਸ ਲਈ ਦਫ਼ਤਰ ਦਾ ਮਲਬਾ ਹਟਾਉਣ ਦੀ ਇਜਾਜ਼ਤ ਦਿੱਤੀ ਜਾਵੇ । ਬੀਤੀ ਸਵੇਰੇ ਜਿਵੇਂ ਹੀ ਦਫ਼ਤਰ ਖਾਲੀ ਹੋਇਆ ਤਾਂ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਰਿਹਾ। ਢਾਹੁਣ ਸਮੇਂ ਐਸ.ਪੀ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਮੌਜੂਦ ਨਹੀਂ ਸੀ।
