Home ਪੰਜਾਬ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ

0

ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਨੋਡਲ ਅਫ਼ਸਰਾਂ ਵੱਲੋਂ ਕੀਤੀਆਂ ਜਾ ਰਹੀਆ ਤਿਆਰੀਆਂ ਦਾ ਬੀਤੇ ਦਿਨ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰਕੇ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਮੇਲਾ ਕਰਵਾ ਰਹੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ, ਏ.ਡੀ.ਸੀ. ਨੇ ਸਬੰਧਤ ਨੋਡਲ ਅਫ਼ਸਰਾਂ ਨੂੰ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਮੇਲੇ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਪਟਿਆਲਾ ਹੈਰੀਟੇਜ ਮੇਲੇ ਲਈ ਕੋਈ ਟਿਕਟ ਨਹੀਂ ਹੈ। ਉਨ੍ਹਾਂ ਦੱਸਿਆ ਕਿ 21 ਫਰਵਰੀ ਤੋਂ 2 ਮਾਰਚ ਤਕ ਸ਼ੀਸ਼ ਮਹਿਲ ਵਿਖੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਲੱਗੇਗਾ, ਜਿਸ ਲਈ ਟਿਕਟ ਰੱਖੀ ਗਈ ਹੈ।

ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ।

12-13 ਫਰਵਰੀ ਨੂੰ ਖ਼ਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ, 13 ਫਰਵਰੀ ਨੂੰ ਮਹਿੰਦਰਾ ਕਾਲਜ ਵਿਖੇ ਕਵੀ ਦਰਬਾਰ, 14 ਫਰਵਰੀ ਨੂੰ ਸਿਵਲ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਐਰੋ ਮਾਡਲਿੰਗ ਤੇ ਏਅਰ ਸ਼ੋਅ, 15 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਡਾਗ ਸ਼ੋਅ, 16 ਫਰਵਰੀ ਨੂੰ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕੇਵਲ ਧਾਲੀਵਾਲ ਦੇ ਇਤਿਹਾਸਕ ਨਾਟਕ ‘1675’ ਦਾ ਮੰਚਨ ਤੋਂ ਇਲਾਵਾ 17 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਉਘੇ ਪੰਜਾਬੀ ਗਾਇਕ ਮਨਮੋਹਨ ਵਾਰਸ ਤੇ ਕਮਲ ਹੀਰ ਵਾਰਸ ਭਰਾਵਾਂ ਦੀ ਜੋੜੀ ਵੱਲੋਂ ਪੇਸ਼ਕਾਰੀ।

ਵਰਜੀਤ ਵਾਲੀਆ ਨੇ ਅੱਗੇ ਦੱਸਿਆ ਕਿ 18 ਫਰਵਰੀ ਨੂੰ ਬਾਰਾਂਦਰੀ ਬਾਗ ਫੂਡ ਫੈਸਟੀਵਲ ਤੇ ਫਲਾਵਰ ਸ਼ੋਅ, 19 ਫਰਵਰੀ ਨੂੰ ਬਾਰਾਂਦਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਨੇਚਰ ਵਾਕ, ਵਾਤਾਵਰਨ ਸੈਰ ਅਤੇ 20 ਫਰਵਰੀ ਨੂੰ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤਕ ਹੈਰੀਟੇਜ ਵਾਕ ਹੋਵੇਗੀ। ਕਿਲਾ ਮੁਬਾਰਕ ਵਿਖੇ 21 ਨੂੰ ਸ਼ਾਸਤਰੀ ਸੰਗੀਤ ਦੀ ਸ਼ਾਮ ‘ਚ ਹਿੰਦੁਤਸਾਨੀ ਕਲਾਸੀਕਲ ਸੰਗੀਤ ਦੀ ਉਘੀ ਗਾਇਕਾ ਰੌਣਕਿਨੀ ਗੁਪਤਾ ਦੀ ਗਾਇਕੀ ਸਮੇਂ ਤਬਲੇ ‘ਤੇ ਅਸ਼ੀਸ਼ ਰਾਗਵਾਨੀ ਤੇ ਹਰਮੋਨੀਅਮ ‘ਤੇ ਤਨਮਯ ਮੇਸਤਰੀ ਸੰਗਤ ਦੇਣਗੇ।

ਜਦਕਿ ਇਸੇ ਸ਼ਾਮ ਅਨੁਪਮਾ ਭਾਗਵਤ ਦੀ ਸਿਤਾਰ, ਦੇਬਸ ਮਿਸ਼ਰਾ ਭੱਟਾਚਾਰੀਆ ਦਾ ਸਰੋਦ, ਪੰਡਿਤ ਅਭਿਸ਼ੇਕ ਮਿਸ਼ਰਾ ਦਾ ਤਬਲਾ ਅਤੇ ਅਭਿਸ਼ੇਕ ਅਵਾਧਾਨੀ ਦੇ ਮਿਰਦੰਗਮ ਦੀ ਚੌਗੁਲਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਹੈਰੀਟੇਜ ਦੀ ਸਮਾਪਤੀ ਵਾਲੀ ਸ਼ਾਮ 22 ਫਰਵਰੀ ਨੂੰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਦੇ ਉਘੇ ਫ਼ਨਕਾਰ ਅਮਨਦੀਪ ਸਿੰਘ ਦਾ ਵਾਦਨ ਅਤੇ ਗਾਇਕੀ ਸਮੇਤ ਸੂਫੀ ਨੌਜਵਾਨ ਕਵਾਲ (ਇਮਰਾਨ) ਖ਼ਾਨ ਸਾਬ੍ਹ ਦੀ ਗਾਇਕੀ ਹੋਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version