ਵਾਰਾਣਸੀ: ਸੂਬੇ ਦੇ ਜੀ.ਐਸ.ਟੀ. ਵਿਭਾਗ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ ਅੰਬਿਕਾ ਸਿੰਘ ਨੂੰ ਵਿਜੀਲੈਂਸ ਟੀਮ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅਪਰੇਸ਼ਨ ਦੌਰਾਨ ਉਸ ਨੇ ਟੀਮ ਦੀ ਪਕੜ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ‘ਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਵੀ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਵਿਭਾਗ ਵਿੱਚ ਹੜਕੰਪ ਮਚ ਗਿਆ।
ਜੀ.ਐਸ.ਟੀ. ਫਾਈਲ ਦੇ ਨਿਪਟਾਰੇ ਦੇ ਬਦਲੇ ਕੀਤੀ ਗਈ ਸੀ ਪੈਸੇ ਦੀ ਮੰਗ
ਇਹ ਮਾਮਲਾ ਬਜਾਰਡੀਹਾ ਨਿਵਾਸੀ ਅਜੈ ਕੁਮਾਰ ਮੌਰਿਆ ਨਾਲ ਸਬੰਧਤ ਹੈ, ਜੋ ‘ਬਲੈਕ ਸਮਿਥ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ’ ਦੇ ਡਾਇਰੈਕਟਰ ਹਨ। ਉਸਨੇ ਫਰਵਰੀ 2023 ਲਈ ਜੀ.ਐਸ.ਟੀ. ਰਿਟਰਨ ਸਮੇਂ ਸਿਰ ਦਾਖਲ ਕੀਤੀ ਸੀ, ਪਰ ਕੁਝ ਇਤਰਾਜ਼ਾਂ ਕਾਰਨ, ਉਸਦੀ ਫਾਈਲ ਦੁਬਾਰਾ ਜਾਂਚ ਲਈ ਭੇਜ ਦਿੱਤੀ ਗਈ ਸੀ। ਸ਼ਿਕਾਇਤ ਅਨੁਸਾਰ ਡਿਪਟੀ ਕਮਿਸ਼ਨਰ ਨੇ ਫਾਈਲ ਨੂੰ ਮਨਜ਼ੂਰੀ ਦੇਣ ਅਤੇ ਟੈਕਸ ਸਬੰਧੀ ਪ੍ਰਕਿ ਰਿਆ ਪੂਰੀ ਕਰਨ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।
ਕਾਰੋਬਾਰੀ ਦੀ ਸ਼ਿਕਾਇਤ ਤੋਂ ਬਾਅਦ ਤਿਆਰ ਕੀਤੀ ਪੂਰੀ ਯੋਜਨਾ
ਵਪਾਰੀ ਨੇ ਰਿਸ਼ਵਤ ਦੇਣ ਦੀ ਬਜਾਏ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ। ਸ਼ਿਕਾਇਤ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਗੁਪਤ ਜਾਂਚ ਕੀਤੀ, ਜਿਸ ਵਿੱਚ ਪਹਿਲੀ ਨਜ਼ਰੇ ਦੋਸ਼ ਸਹੀ ਪਾਏ ਗਏ। ਇਸ ਤੋਂ ਬਾਅਦ ਰਿਸ਼ਵਤਖੋਰ ਨੂੰ ਫੜਨ ਲਈ ਜਾਲ ਵਿਉਂਤਿਆ ਗਿਆ।
ਰੈਸਟੋਰੈਂਟ ‘ਤੇ ਕੀਤੀ ਗਈ ਕਾਰਵਾਈ
ਯੋਜਨਾ ਤਹਿਤ ਸ਼ਿਕਾਇਤਕਰਤਾ ਨੇ ਅੰਬਿਕਾ ਸਿੰਘ ਨੂੰ ਭੇਲੂਪੁਰ ਸਥਿਤ ਦਾਦਾ ਰੈਸਟੋਰੈਂਟ ਵਿੱਚ ਬੁਲਾਇਆ। ਜਿਵੇਂ ਹੀ ਉਸ ਨੇ 50,000 ਰੁਪਏ ਵਾਲਾ ਲਿਫਾਫਾ ਆਪਣੇ ਕਬਜ਼ੇ ‘ਚ ਲਿਆ ਤਾਂ ਪਹਿਲਾਂ ਤੋਂ ਹੀ ਨਿਗਰਾਨੀ ਕਰ ਰਹੀ ਵਿਜੀਲੈਂਸ ਟੀਮ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ।
ਗ੍ਰਿਫ਼ਤਾਰੀ ਦੌਰਾਨ ਕੀਤਾ ਰੋਸ ਪ੍ਰਦਰਸ਼ਨ
ਵਿਜੀਲੈਂਸ ਅਧਿਕਾਰੀਆਂ ਅਨੁਸਾਰ ਅੰਬਿਕਾ ਸਿੰਘ ਨੇ ਕਾਰਵਾਈ ਦੌਰਾਨ ਥਾਂ ਛੱਡਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਰੋਕਣ ‘ਤੇ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਗਈ। ਘਟਨਾ ਸਥਾਨ ‘ਤੇ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਰਿਹਾ, ਜਿਸ ਤੋਂ ਬਾਅਦ ਟੀਮ ਉਸ ਨੂੰ ਆਪਣੇ ਨਾਲ ਥਾਣੇ ਲੈ ਗਈ।
ਪੁਰਾਣੇ ਕੇਸਾਂ ਦੀ ਵੀ ਕੀਤੀ ਜਾਵੇਗੀ ਜਾਂਚ
ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਡਿਪਟੀ ਕਮਿਸ਼ਨਰ ਵੱਲੋਂ ਪਹਿਲਾਂ ਨਿਪਟਾਏ ਗਏ ਫਾਈਲਾਂ ਅਤੇ ਹੋਰ ਕੇਸਾਂ ਦੀ ਵੀ ਜਾਂਚ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹੋਰ ਮਾਮਲਿਆਂ ਵਿੱਚ ਵੀ ਰਿਸ਼ਵਤਖੋਰੀ ਜਾਂ ਬੇਨਿਯਮੀਆਂ ਹੋਈਆਂ ਜਾਂ ਨਹੀਂ।
ਲੋਕਾਂ ਨੂੰ ਕੀਤੀ ਅਪੀਲ
ਵਿਜੀਲੈਂਸ ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਕਿਸੇ ਕੰਮ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਵਿਭਾਗ ਦੇ ਹੈਲਪਲਾਈਨ ਨੰਬਰ 9454401866 ਅਤੇ 9454401222 ‘ਤੇ ਇਸਦੀ ਸ਼ਿਕਾਇਤ ਕਰਨ।
