Home ਪੰਜਾਬ ਪਿੰਡ ਸੈਂਪਲਾਂ ਦੇ ਅਮਨਦੀਪ ਕਤਲ ਮਾਮਲੇ ’ਚ ਅਦਾਲਤ ਦਾ ਵੱਡਾ ਫੈਸਲਾ…

ਪਿੰਡ ਸੈਂਪਲਾਂ ਦੇ ਅਮਨਦੀਪ ਕਤਲ ਮਾਮਲੇ ’ਚ ਅਦਾਲਤ ਦਾ ਵੱਡਾ ਫੈਸਲਾ…

0

ਫਤਿਹਗੜ੍ਹ ਸਾਹਿਬ: ਸਤੰਬਰ 2019 ਵਿੱਚ ਪਿੰਡ ਸੈਂਪਲਾਂ ਦੇ 28 ਸਾਲਾ ਅਮਨਦੀਪ ਸਿੰਘ ਦੇ ਹੋਏ ਕਤਲ ਦੇ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਦੀ ਮਾਨਯੋਗ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਪਰਿਵਾਰਿਕ ਰੰਜਿਸ਼ ਦੇ ਚਲਦਿਆਂ ਅਮਨਦੀਪ ਸਿੰਘ ਦਾ ਕਤਲ ਕਰਨ ਦੇ ਦੋਸ਼ ਵਿੱਚ ਮ੍ਰਿਤਕ ਦੇ ਮਾਸੀ ਦੇ ਲੜਕੇ ਜਸਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੁਰਦੀਪ ਸਿੰਘ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਦੇ ਨਾਲ ਹੀ ਦੋਵਾਂ ਦੋਸ਼ੀਆਂ ਨੂੰ ਇੱਕ-ਇੱਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਵਾਂ ਨੂੰ ਇੱਕ-ਇੱਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

ਪਹਿਲਾਂ ਸੜਕ ਹਾਦਸਾ ਸਮਝਿਆ ਗਿਆ ਸੀ ਮਾਮਲਾ

ਮ੍ਰਿਤਕ ਪਰਿਵਾਰ ਵੱਲੋਂ ਅਦਾਲਤ ਵਿੱਚ ਕੇਸ ਲੜ ਰਹੇ ਐਡਵੋਕੇਟ ਗੁਲਕਰਨ ਸਿੰਘ ਸੰਧੂ ਨੇ ਦੱਸਿਆ ਕਿ 18 ਸਤੰਬਰ 2019 ਦੀ ਰਾਤ ਨੂੰ ਅਮਨਦੀਪ ਸਿੰਘ ਦਾ ਮੋਟਰਸਾਈਕਲ ਮਾਰਵਾ ਤੋਂ ਨੰਦਪੁਰ ਡਡਿਆਣਾ ਰੋਡ ’ਤੇ ਟੁੱਟਿਆ ਹੋਇਆ ਮਿਲਿਆ ਸੀ।

ਸ਼ੁਰੂਆਤ ਵਿੱਚ ਥਾਣਾ ਬੱਸੀ ਪਠਾਣਾ ਦੀ ਪੁਲਿਸ ਨੇ ਇਸ ਘਟਨਾ ਨੂੰ ਸੜਕ ਹਾਦਸਾ ਮੰਨਦਿਆਂ ਮਾਮਲਾ ਦਰਜ ਕੀਤਾ ਸੀ। ਪਰ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਦੀ ਦਿਸ਼ਾ ਬਦਲ ਦਿੱਤੀ।

ਪੁਲਿਸ ਜਾਂਚ ਤੋਂ ਬਾਅਦ ਹੋਇਆ ਕਤਲ ਦਾ ਖੁਲਾਸਾ

ਐਡਵੋਕੇਟ ਗੁਲਕਰਨ ਸਿੰਘ ਸੰਧੂ ਮੁਤਾਬਕ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਗਈ ਤਫਤੀਸ਼ ਤੋਂ ਬਾਅਦ ਮ੍ਰਿਤਕ ਦੇ ਮਾਸੀ ਦੇ ਲੜਕੇ ਜਸਪ੍ਰੀਤ ਸਿੰਘ, ਵਾਸੀ ਪਿੰਡ ਲੁਹਾਰ ਮਾਜਰਾ, ਅਤੇ ਉਸਦੇ ਦੋਸਤ ਗੁਰਦੀਪ ਸਿੰਘ, ਵਾਸੀ ਨੰਦਪੁਰ ਕਲੌੜ, ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ।

ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਅਮਨਦੀਪ ਸਿੰਘ ਦਾ ਕਤਲ ਦੋਵਾਂ ਵੱਲੋਂ ਕੀਤਾ ਗਿਆ ਸੀ। ਮਾਮਲੇ ਵਿੱਚ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਅਦਾਲਤ ਨੇ ਜਸਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਇੱਕ-ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਪਰਿਵਾਰਿਕ ਰੰਜਿਸ਼ ਬਣੀ ਕਤਲ ਦੀ ਵਜ੍ਹਾ

ਐਡਵੋਕੇਟ ਗੁਲਕਰਨ ਸਿੰਘ ਸੰਧੂ ਅਨੁਸਾਰ ਕਤਲ ਦੇ ਪਿੱਛੇ ਪਰਿਵਾਰਿਕ ਰੰਜਿਸ਼ ਦੱਸੀ ਗਈ ਹੈ। ਉਨ੍ਹਾਂ ਮੁਤਾਬਕ ਜਸਪ੍ਰੀਤ ਸਿੰਘ ਨੇ ਅਮਨਦੀਪ ਸਿੰਘ ਦੀ ਭੈਣ ਦਾ ਰਿਸ਼ਤਾ ਕਰਵਾਇਆ ਸੀ, ਪਰ ਬਾਅਦ ਵਿੱਚ ਇਸ ਰਿਸ਼ਤੇ ਵਿੱਚ ਅਨਬਨ ਹੋ ਗਈ।

ਅਮਨਦੀਪ ਸਿੰਘ ਇਸ ਗੱਲ ਨੂੰ ਲੈ ਕੇ ਜਸਪ੍ਰੀਤ ਸਿੰਘ ਨੂੰ ਉਲਾਂਭਾ ਦਿੰਦਾ ਸੀ ਕਿ ਉਸ ਨੇ ਉਸਦੀ ਭੈਣ ਦਾ ਰਿਸ਼ਤਾ ਗਲਤ ਜਗ੍ਹਾ ਕਰਵਾਇਆ ਹੈ। ਦੱਸਿਆ ਗਿਆ ਕਿ ਘਟਨਾ ਵਾਲੇ ਦਿਨ ਵੀ ਅਮਨਦੀਪ ਸਿੰਘ ਇਸੇ ਗੱਲ ਨੂੰ ਲੈ ਕੇ ਉਲਾਂਭਾ ਦੇਣ ਗਿਆ ਸੀ। ਇਸ ਦੌਰਾਨ ਦੋਵਾਂ ਦੋਸ਼ੀਆਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ।

ਕਰੀਬ ਸੱਤ ਸਾਲ ਪੁਰਾਣੇ ਇਸ ਮਾਮਲੇ ਵਿੱਚ ਹੁਣ ਫਤਿਹਗੜ੍ਹ ਸਾਹਿਬ ਦੀ ਅਦਾਲਤ ਵੱਲੋਂ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਮਾਮਲੇ ਵਿੱਚ ਅਦਾਲਤੀ ਕਾਰਵਾਈ ਦਾ ਅਹਿਮ ਪੜਾਅ ਪੂਰਾ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version