ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਭਿਆਨਕ ਗਰਮੀ ਨੇ ਲੋਕਾਂ ਦਾ ਜੀਵਨ ਬੇਹਾਲ ਕਰ ਦਿੱਤਾ ਹੈ। ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕੁੱਲ ਅੱਠ ਰਾਜ ਤਿੱਖੀ ਲੂ ਅਤੇ ਵਧਦੇ ਤਾਪਮਾਨ ਦੀ ਚਪੇਟ ਵਿੱਚ ਹਨ। ਇਨ੍ਹਾਂ ਖੇਤਰਾਂ ਵਿੱਚ ਦਿਨ ਦੇ ਨਾਲ-ਨਾਲ ਰਾਤਾਂ ਦਾ ਤਾਪਮਾਨ ਵੀ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਵਰਧਾ ਦੇਸ਼ ਦੇ ਸਭ ਤੋਂ ਗਰਮ ਸ਼ਹਿਰ ਦਰਜ ਕੀਤੇ ਗਏ, ਜਿੱਥੇ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਬਾਂਦਾ ਅਤੇ ਮੱਧ ਪ੍ਰਦੇਸ਼ ਦੇ ਨੌਗੋਂਗ ਤੇ ਖੰਡਵਾ ਵਿੱਚ ਵੀ ਪਾਰਾ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ।
ਗਰਮੀ ਦੇ ਇਸ ਕਹਿਰ ਦਾ ਅਸਰ ਸਿਰਫ਼ ਮਨੁੱਖਾਂ ‘ਤੇ ਹੀ ਨਹੀਂ, ਸਗੋਂ ਜਾਨਵਰਾਂ ਅਤੇ ਪੰਛੀਆਂ ‘ਤੇ ਵੀ ਸਾਫ਼ ਤੌਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਗੁਜਰਾਤ ਦੇ ਏਕਤਾ ਨਗਰ ਵਿੱਚ ਸਥਿਤ ਸਟੈਚੂ ਆਫ ਯੂਨਿਟੀ ਨੇੜੇ ਸਰਦਾਰ ਪਟੇਲ ਜ਼ੂਲੋਜੀਕਲ ਪਾਰਕ ਵਿੱਚ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਪਾਰਕ ਪ੍ਰਬੰਧਕਾਂ ਵੱਲੋਂ ਜਾਨਵਰਾਂ ਦੇ ਬਾੜਿਆਂ ਵਿੱਚ ਏਅਰ ਕੰਡੀਸ਼ਨਰ, ਕੂਲਰ ਅਤੇ ਸਪ੍ਰਿੰਕਲਰ ਲਗਾਏ ਗਏ ਹਨ ਤਾਂ ਜੋ ਉਹਨਾਂ ਨੂੰ ਤਪਸ਼ ਤੋਂ ਰਾਹਤ ਮਿਲ ਸਕੇ।
ਇਸੇ ਤਰ੍ਹਾਂ ਵਡੋਦਰਾ ਦੇ ਸਯਾਜੀਬਾਗ ਜ਼ੂਆਲੋਜੀਕਲ ਪਾਰਕ ਵਿੱਚ ਵੀ ਜਾਨਵਰਾਂ ਅਤੇ ਪੰਛੀਆਂ ਲਈ ਵਿਸ਼ੇਸ਼ ਕੂਲਿੰਗ ਪ੍ਰਬੰਧ ਕੀਤੇ ਗਏ ਹਨ। ਇੱਥੇ ਪਾਣੀ ਦਾ ਛਿੜਕਾਅ, ਫੌਗਰ ਅਤੇ ਬਰਫ਼ ਦੇ ਬਲਾਕ ਵਰਗੇ ਉਪਾਅ ਅਪਣਾਏ ਜਾ ਰਹੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਾਨਵਰਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
