Home ਹਰਿਆਣਾ ਸਿੰਗਾਪੁਰ ਦੌਰੇ ’ਤੇ CM ਸੈਣੀ, ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਦਾ ਦੇਣਗੇ ਸੱਦਾ

ਸਿੰਗਾਪੁਰ ਦੌਰੇ ’ਤੇ CM ਸੈਣੀ, ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਦਾ ਦੇਣਗੇ ਸੱਦਾ

0

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 4 ਤੋਂ 6 ਅਕਤੂਬਰ ਤੱਕ ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ ’ਤੇ ਜਾਣਗੇ। ਇਸ ਦੌਰੇ ਦੌਰਾਨ ਹਰਿਆਣਾ ਵਿੱਚ ਨਵੇਂ ਨਿਵੇਸ਼ ਲਿਆਉਣ ਦੇ ਨਾਲ-ਨਾਲ ਉਦਯੋਗਿਕ ਅਤੇ ਤਕਨੀਕੀ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਧਿਆਨ ਦਿੱਤਾ ਜਾਵੇਗਾ।

ਮੁੱਖ ਮੰਤਰੀ ਸਿੰਗਾਪੁਰ ਵਿੱਚ ਨਿਵੇਸ਼ਕਾਂ, ਉਦਯੋਗਿਕ ਸਮੂਹਾਂ, ਕਾਰਪੋਰੇਟ ਨੁਮਾਇੰਦਿਆਂ ਅਤੇ ਮਾਹਿਰਾਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਬੈਠਕਾਂ ਦੌਰਾਨ ਲੌਜਿਸਟਿਕਸ, ਸੈਮੀਕੰਡਕਟਰ, ਐਡਵਾਂਸਡ ਮੈਨੂਫੈਕਚਰਿੰਗ, ਐਗਰੋ ਅਤੇ ਫੂਡ ਪ੍ਰੋਸੈਸਿੰਗ, ਗਲੋਬਲ ਕੈਪੇਬਿਲਿਟੀ ਸੈਂਟਰ (GCC), ਏਵੀਏਸ਼ਨ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾਵੇਗਾ।

ਸੈਣੀ ਸਿੰਗਾਪੁਰ ਦੀਆਂ ਕੰਪਨੀਆਂ ਨੂੰ ਹਰਿਆਣਾ ਵਿੱਚ ਮੈਨੂਫੈਕਚਰਿੰਗ ਯੂਨਿਟਾਂ, ਰਿਸਰਚ ਐਂਡ ਡਿਵੈਲਪਮੈਂਟ ਸੈਂਟਰ, ਲੌਜਿਸਟਿਕਸ ਅਤੇ ਵੇਅਰਹਾਊਸਿੰਗ ਸਹੂਲਤਾਂ ਸਥਾਪਤ ਕਰਨ ਲਈ ਸੱਦਾ ਦੇਣਗੇ। ਇਸ ਦੇ ਨਾਲ ਹੀ ਹਾਈ-ਟੈਕ ਉਦਯੋਗ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਦੌਰੇ ਦੌਰਾਨ ਸੈਮੀਕੰਡਕਟਰ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਭਵਿੱਖ ਨਾਲ ਜੁੜੇ ਖੇਤਰਾਂ ’ਤੇ ਖਾਸ ਧਿਆਨ ਰਹੇਗਾ। ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਵਿੱਚ ਆਧੁਨਿਕ ਤਕਨਾਲੋਜੀ, ਕੋਲਡ-ਚੇਨ, ਵੈਲਿਊ ਐਡੀਸ਼ਨ ਅਤੇ ਨਿਰਯਾਤ ਨਾਲ ਜੁੜੇ ਮੌਕਿਆਂ ’ਤੇ ਵੀ ਚਰਚਾ ਹੋਵੇਗੀ।

ਇਸ ਤੋਂ ਇਲਾਵਾ ਏਵੀਏਸ਼ਨ, ਲੌਜਿਸਟਿਕਸ ਅਤੇ ਸਪਲਾਈ-ਚੇਨ ਮੈਨੇਜਮੈਂਟ ਵਿੱਚ ਸਿੰਗਾਪੁਰ ਦੀ ਮੁਹਾਰਤ ਦਾ ਲਾਭ ਲੈਣ ਲਈ ਸੰਭਾਵਿਤ ਭਾਈਵਾਲੀਆਂ ਦੀ ਪੜਚੋਲ ਕੀਤੀ ਜਾਵੇਗੀ। ਸਿੱਖਿਆ ਅਤੇ ਹੁਨਰ ਵਿਕਾਸ ਲਈ ਵਿਸ਼ਵ ਪੱਧਰੀ ਸੰਸਥਾਵਾਂ ਅਤੇ ਟ੍ਰੇਨਿੰਗ ਏਜੰਸੀਆਂ ਨਾਲ ਸਹਿਯੋਗ ਦੇ ਰਾਹ ਵੀ ਤਲਾਸ਼ੇ ਜਾਣਗੇ।

6 ਅਕਤੂਬਰ ਨੂੰ ਮੁੱਖ ਮੰਤਰੀ ਸਿੱਖ ਕਾਰੋਬਾਰੀਆਂ ਅਤੇ ਐੱਨਆਰਆਈ ਉੱਦਮੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਹਰਿਆਣਾ ਵਿੱਚ ਨਿਵੇਸ਼ ਅਤੇ ਉਦਯੋਗ ਸਥਾਪਤ ਕਰਨ ਨਾਲ ਜੁੜੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਨਾਲ ਹੀ ਅਗਲੇ ਸਾਲ ਹੋਣ ਵਾਲੇ ‘ਹੈਪਨਿੰਗ ਹਰਿਆਣਾ’ ਵਿੱਚ ਸ਼ਾਮਲ ਹੋਣ ਲਈ ਨਿਵੇਸ਼ਕਾਂ ਅਤੇ ਉਦਯੋਗਿਕ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਦੇ ਨਾਲ ਮੁੱਖ ਮੰਤਰੀ ਦਫ਼ਤਰ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਵਫ਼ਦ ਵੀ ਸਿੰਗਾਪੁਰ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ Chardikala Time TV ਨੂੰ ਕਰੋ  Subscribe:-

NO COMMENTS

LEAVE A REPLY

Please enter your comment!
Please enter your name here

Exit mobile version