Home ਯੂਪੀ ਖ਼ਬਰਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਲੀਆ ‘ਚ ਵੰਡੀ ਰਾਹਤ ਸਮੱਗਰੀ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਲੀਆ ‘ਚ ਵੰਡੀ ਰਾਹਤ ਸਮੱਗਰੀ

0

ਬਲੀਆ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੀਤੇ ਦਿਨ ਕਿਹਾ ਕਿ ਕਿਸੇ ਵੀ ਹੜ੍ਹ ਪੀੜਤ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਬਲੀਆ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਉਨ੍ਹਾਂ ਨੇ ਰਾਹਤ ਸਮੱਗਰੀ ਵੰਡੀ। ਇਸ ਮੌਕੇ ਉਨ੍ਹਾਂ ਕਿਹਾ ” ਮੈਂ ਹੜ੍ਹਾਂ ਦਾ ਮੁਆਇਨਾ ਕਰਦਾ ਹੋਇਆ ਆ ਰਿਹਾ ਹਾਂ । ਬੰਸਡੀਹ, ਬਲੀਆ ਅਤੇ ਬਰਿਆੜ ਖੇਤਰ ਵਿੱਚ ਜਿੱਥੇ ਹੜ੍ਹਾਂ ਅਤੇ ਪਾਣੀ ਦੀ ਮਾਰ ਨੇ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ , ਉਨ੍ਹਾਂ ਦਾ ਨਿਰੀਖਣ ਕਰਨ ਤੁਹਾਡੇ ਵਿਚਾਲੇ ਆਇਆ ਹਾਂ ।

ਯੋਗੀ ਨੇ ਕਿਹਾ, “ਅਸੀਂ ਜਨ ਪ੍ਰਤੀਨਿਧੀਆਂ ਅਤੇ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਵੀਡੀਓ ਕਾਨਫਰੰਸ ਰਾਹੀਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਹੜ੍ਹ ਪੀੜਤ ਨੂੰ ਕੋਈ ਸਮੱਸਿਆ ਨਾ ਆਵੇ।” ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾ ਮੀਂਹ ਪੈਣ ਕਾਰਨ ਸੂਬੇ ਦੇ 26 ਜ਼ਿਲ੍ਹਿਆਂ ਵਿੱਚ ਘੱਟ-ਵੱਧ ਹੜ੍ਹ ਆ ਚੁੱਕੇ ਹਨ। ਇੱਕ ਲੱਖ 71 ਹਜ਼ਾਰ ਤੋਂ ਵੱਧ ਲੋਕ ਅਤੇ 251 ਪਿੰਡ ਇਸ ਨਾਲ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਫਲੱਡ ਸ਼ੈਲਟਰਾਂ ਵਿੱਚ ਰੱਖਿਆ ਗਿਆ ਹੈ ਅਤੇ 447 ਫਲੱਡ ਪੋਸਟਾਂ ਸਥਾਪਤ ਕੀਤੀਆਂ ਗਈਆਂ ਹਨ। ਹਰ ਜ਼ਿਲ੍ਹੇ ਵਿੱਚ ਰਾਹਤ ਕੇਂਦਰ ਬਣਾਏ ਗਏ ਹਨ, ਜਿੱਥੇ ਭੋਜਨ ਅਤੇ ਰਾਹਤ ਕਿੱਟਾਂ ਵੰਡੀਆਂ ਜਾ ਰਹੀਆਂ ਹਨ।

ਰਾਹਤ ਕਿੱਟ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰੇਕ ਪੀੜਤ ਪਰਿਵਾਰ ਨੂੰ 10 ਕਿਲੋ ਆਟਾ, 10 ਕਿਲੋ ਚਾਵਲ, ਦੋ ਕਿਲੋ ਅਰਹਰ ਦੀ ਦਾਲ, ਦੋ ਕਿਲੋ ਛੋਲੇ, ਦੋ ਕਿਲੋ ਭੁੰਨੇ ਹੋਏ ਛੋਲੇ, ਇੱਕ ਕਿਲੋ ਖੰਡ, 10 ਪੈਕਟ ਬਿਸਕੁਟ, ਮਾਚਿਸ, ਮੋਮਬੱਤੀ, ਦੋ ਨਹਾਉਣ ਵਾਲੇ ਸਾਬਣ ਅਤੇ ਇੱਕ ਤਰਪਾਲ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਲਦੀ, ਮਿਰਚ, ਸਬਜ਼ੀਆਂ ਦਾ ਮਸਾਲਾ, ਇੱਕ ਕਿਲੋ ਰਿਫਾਇੰਡ ਤੇਲ, ਇੱਕ ਕਿਲੋ ਨਮਕ, ਸੈਨੇਟਰੀ ਪੈਡ, ਕੱਪੜੇ ਧੋਣ ਲਈ ਦੋ ਸਾਬਣ, ਤੌਲੀਆ, ਡੈਟੋਲ, 10 ਕਿਲੋ ਆਲੂ, ਢਾਈ ਕਿਲੋ ਲਾਈ, ਬਾਲਟੀ, ਮੱਗ, ਟਾਰਚ, ਛੱਤਰੀ ਅਤੇ ਦਵਾਈ ਕਿੱਟ ਵੀ ਦਿੱਤੀ ਜਾ ਰਹੀ ਹੈ। ਦਵਾਈਆਂ ਅਤੇ ਕਲੋਰੀਨ ਦੀਆਂ ਗੋਲੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸੱਪ ਅਤੇ ਕੁੱਤਿਆਂ ਦੇ ਕੱਟਣ ਤੋਂ ਬਚਾਅ ਲਈ ਟੀਕਿਆਂ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪਸ਼ੂਆਂ ਦੇ ਨੁਕਸਾਨ ਅਤੇ ਗਰਭਵਤੀ ਔਰਤਾਂ ਲਈ ਵੱਖਰੇ ਪ੍ਰਬੰਧ ਕੀਤੇ ਜਾ ਰਹੇ ਹਨ। ਯੋਗੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਬਦਕਿਸਮਤੀ ਨਾਲ ਮਨੁੱਖੀ-ਜੰਗਲੀ ਜੀਵ ਸੰਘਰਸ਼ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ, “ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹੜ੍ਹ ਪੀੜਤਾਂ ਨੂੰ ਲਗਭਗ 50 ਕਿਲੋਗ੍ਰਾਮ ਰਾਹਤ ਸਮੱਗਰੀ ਦੇ ਪੈਕੇਟ ਮੁਹੱਈਆ ਕਰਵਾ ਰਹੀ ਹੈ, ਜਦੋਂ ਕਿ ਸਪਾ ਸਰਕਾਰ ਦੌਰਾਨ 500 ਗ੍ਰਾਮ ਰਾਹਤ ਸਮੱਗਰੀ ਵੀ ਨਹੀਂ ਪਹੁੰਚ ਸਕੀ।” ਉਨ੍ਹਾਂ ਦੋਸ਼ ਲਾਇਆ, ”ਸਪਾ ਨਾਲ ਜੁੜੇ ਲੋਕ ਗਰੀਬਾਂ ਦੀ ਰਾਹਤ ਹੜੱਪ ਲੈਂਦੇ ਸਨ।

ਅੱਜ ਹਰ ਆਫਤ ਸਮੇਂ ਮਕਾਨ ਸਮੇਤ ਫੌਰੀ ਰਾਹਤ ਮੁਹੱਈਆ ਕਰਵਾਈ ਜਾਂਦੀ ਹੈ।” ਯੋਗੀ ਨੇ 1500 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਅਤੇ ਮੈਡੀਕਲ ਕਿੱਟਾਂ ਵੰਡਣ ਦੇ ਪ੍ਰੋਗਰਾਮ ‘ਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਹੜ੍ਹ ਪੀੜਤਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦਾ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਹਰ ਪ੍ਰਭਾਵਿਤ ਵਿਅਕਤੀ ਦੇ ਨਾਲ ਖੜ੍ਹੀ ਹੋਣ ਕਰਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਕਸ਼ਾ ਬੰੰਧਨ ਦੇ ਮੌਕੇ ‘ਤੇ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ ਮਾਤਾਵਾਂ ਤੇ ਭੈਣਾਂ ਨੂੰ ਤਿੰਨ ਦਿਨ ਤੱਕ ਮੁਫ਼ਤ ਯਾਤਰਾ ਦੀ ਸੁਵਿਧਾ ਦਿੱਤੀ ਗਈ ।

NO COMMENTS

LEAVE A REPLY

Please enter your comment!
Please enter your name here

Exit mobile version