Home ਦੇਸ਼ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਚੌੜਾ ਮੈਦਾਨ ਸ਼ਿਮਲਾ ਤੋਂ 66...

ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਚੌੜਾ ਮੈਦਾਨ ਸ਼ਿਮਲਾ ਤੋਂ 66 ਪੈਟਰੋਲਿੰਗ ਵਾਹਨਾਂ ਨੂੰ ਕੀਤਾ ਰਵਾਨਾ

0

ਸ਼ਿਮਲਾ : ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਚੌੜਾ ਮੈਦਾਨ, ਸ਼ਿਮਲਾ ਤੋਂ 66 ਪੈਟਰੋਲਿੰਗ ਵਾਹਨਾਂ ਨੂੰ ਰਵਾਨਾ ਕੀਤਾ। ਇਹ ਸੁਰੱਖਿਆ ਵਾਹਨ ਸੂਬੇ ਦੇ 10 ਜ਼ਿਲ੍ਹਿਆਂ ਸ਼ਿਮਲਾ, ਮੰਡੀ, ਕਾਂਗੜਾ, ਹਮੀਰਪੁਰ, ਊਨਾ, ਬਿਲਾਸਪੁਰ, ਕੁਲੂ, ਸਿਰਮੌਰ, ਸੋਲਨ ਅਤੇ ਚੰਬਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਤਾਇਨਾਤ ਕੀਤੇ ਜਾ ਰਹੇ ਹਨ। 18.42 ਕਰੋੜ ਦੀ ਲਾਗਤ ਨਾਲ ਖਰੀਦੇ ਗਏ ਇਨ੍ਹਾਂ ਵਾਹਨਾਂ ਵਿੱਚ 35 ਇਲੈਕਟ੍ਰਿਕ ਵਾਹਨ, 14 ਇੰਟਰਸੈਪਟਰ ਵਾਹਨ, 10 ਟਰੈਕਰ ਵਾਹਨ ਅਤੇ 7 ਡਬਲਯੂ.ਡੀ. ਡੀਜ਼ਲ ਵਾਹਨ ਸ਼ਾਮਲ ਹਨ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਦਾ ਟੀਚਾ ਨਾ ਸਿਰਫ਼ ਸੜਕ ਹਾਦਸਿਆਂ ਨੂੰ ਘਟਾਉਣਾ ਹੈ, ਸਗੋਂ ਰਾਜ ਦੇ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਆਫ਼ਤ-ਲਚਕੀਲਾ ਆਵਾਜਾਈ ਪ੍ਰਣਾਲੀ ਵਿਕਸਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਸਕਾਰਾਤਮਕ ਤਬਦੀਲੀ ਪੁਲਿਸ, ਟਰਾਂਸਪੋਰਟ ਵਿਭਾਗ, ਲੋਕ ਨਿਰਮਾਣ ਵਿਭਾਗ, ਹਿਮਾਚਲ ਪ੍ਰਦੇਸ਼ ਸੜਕ ਅਤੇ ਢਾਂਚਾ ਵਿਕਾਸ ਨਿਗਮ, ਸਿਹਤ ਵਿਭਾਗ ਅਤੇ ਹੋਰ ਸਬੰਧਤ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਰੈਕਰ ਗੱਡੀਆਂ ਦੀ ਤਾਇਨਾਤੀ ਨਾਲ ਹਾਦਸਿਆਂ ਤੋਂ ਬਾਅਦ ਗੱਡੀਆਂ ਨੂੰ ਛੇਤੀ ਹਟਾ ਕੇ ਸੜਕਾਂ ‘ਤੇ ਆਵਾਜਾਈ ਨੂੰ ਜਲਦੀ ਆਮ ਕਰਨ ਵਿੱਚ ਮਦਦ ਮਿਲੇਗੀ।

ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਛੇਤੀ ਹੀ ਸਰਕਾਰ ਵੱਲੋਂ ਹਮੀਰਪੁਰ ਵਿੱਚ ਲਗਭਗ 30 ਕਰੋੜ ਰੁਪਏ ਦੀ ਲਾਗਤ ਨਾਲ ਸਮਕੀਤ ਸੜਕ ਸੁਰੱਖਿਆ ਲਾਗੂ ਪ੍ਰਣਾਲੀ ਦੇ ਤਹਿਤ ਇੱਕ ਆਧੁਨਿਕ ਸੜਕ ਸੁਰੱਖਿਆ ਕੰਟਰੋਲ ਅਤੇ ਕਮਾਂਡ ਸੈਂਟਰ ਸਥਾਪਿਤ ਕੀਤਾ ਜਾਵੇਗਾ, ਜੋ ਪ੍ਰਦੇਸ਼ ਭਰ ਵਿੱਚ ਲਗਾਏ ਜਾ ਰਹੇ ਆਧੁਨਿਕ ਕੈਮਰਿਆਂ ਨਾਲ ਜੁੜਿਆ ਹੋਵੇਗਾ। ਉਨ੍ਹਾਂ ਆਖਿਆ ਕਿ ਪੁਲਿਸ ਵਿਭਾਗ ਵੱਲੋਂ ਇਸ ਪ੍ਰਣਾਲੀ ਦੀ ਵਰਤੋਂ ਈ-ਚਲਾਨ, ਆਵਾਜਾਈ ਦੀ ਨਿਗਰਾਨੀ ਅਤੇ ਸੜਕਾਂ ‘ਤੇ ਅਨੁਸ਼ਾਸਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਕੇਂਦਰ ਨਾ ਸਿਰਫ਼ ਸੜਕ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ, ਸਗੋਂ ਰਾਜ ਲਈ ਵਾਧੂ ਮਾਲੀਆ ਪੈਦਾ ਕਰਨ ਵਿੱਚ ਸਹਾਇਕ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਟੇਟ ਰੋਡ ਟਰਾਂਸਫੋਰਮੇਸ਼ਨ ਪ੍ਰੋਜੈਕਟ ਦੇ ਅਧੀਨ ਸੂਬੇ ਵਿੱਚ ਸੜਕ ਸੁਰੱਖਿਆ ਵਿੱਚ ਕਈ ਸੁਧਾਰਾਤਮਕ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੇ ਤਹਿਤ ਪੁਲਿਸ ਵਿਭਾਗ ਲਈ 3373 ਸੜਕ ਸੁਰੱਖਿਆ ਲਾਗੂ ਕਰਨ ਵਾਲੇ ਉਪਕਰਨਾਂ ਦੀ ਖਰੀਦ ਲਈ ਲਗਭਗ 60 ਕਰੋੜ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਨਾਂ ਨੂੰ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਵੰਡੇ ਜਾਣਗੇ, ਜਿਸ ਨਾਲ ਸੂਬੇ ਵਿੱਚ ਸੜਕ ਸੁਰੱਖਿਆ ਪ੍ਰਣਾਲੀ ਹੋਰ ਮਜ਼ਬੂਤ ​​ਹੋਵੇਗੀ।

ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਦੇਸ਼ ਵਿੱਚ ਨੰਬਰ ਇੱਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ 1200 ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਹੈ ਅਤੇ ਅੱਠ ਸਾਲ ਬਾਅਦ ਰਾਜ ਸਰਕਾਰ ਵੱਲੋਂ ਪੁਲਿਸ ਪ੍ਰਮੋਸ਼ਨ ਲਈ ਬੀ-1 ਟੈਸਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨਸ਼ਿਆਂ ਦੇ ਖ਼ਤਰੇ ਨੂੰ ਰੋਕਣ ਲਈ ਰਾਜ ਭਰ ਵਿੱਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ ਅਤੇ ਰਾਜ ਭਰ ਵਿੱਚ ਇਸ ਵਿਰੁੱਧ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਰਿਹਾ ਹੈ।

ਇਸ ਮੌਕੇ ‘ਤੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ, ਉਪ ਪ੍ਰਧਾਨ ਰਾਜ ਯੋਜਨਾ ਬੋਰਡ ਭਵਾਨੀ ਸਿੰਘ ਪਠਾਨੀਆ, ਵਿਧਾਇਕ ਸੰਜੇ ਅਵਸਥੀ, ਨੀਰਜ ਨਈਅਰ ਅਤੇ ਵਿਵੇਕ ਸ਼ਰਮਾ, ਵਧੀਕ ਮੁੱਖ ਸਕੱਤਰ ਕੇ.ਕੇ. ਪੰਤ, ਪੁਲਿਸ ਡਾਇਰੈਕਟਰ ਜਨਰਲ ਅਸ਼ੋਕ ਤਿਵਾੜੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version