ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ‘ਚ ਉਨ੍ਹਾਂ ਵਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਚੁੱਕਿਆ ਗਿਆ ਹੈ। ਚਿੱਠੀ ‘ਚ ਉਨ੍ਹਾਂ ਨੇ ਕਿਹਾ ਕਿ FCI ਪੰਜਾਬ ਅਤੇ ਚੰਡੀਗੜ੍ਹ ਦੇ ਜਨਰਲ ਮੈਨੇਜਰ ਲਈ ਪੰਜਾਬ ਦੇ IAS ਅਧਿਕਾਰੀ ਨੂੰ ਚੁਣਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਬਾਹਰੀ ਅਧਿਕਾਰੀ ਪੰਜਾਬ ਦੇ ਹਾਲਾਤ ਨੂੰ ਚੰਗੇ ਤਰੀਕੇ ਨਾਲ ਨਹੀਂ ਜਾਣ ਸਕਦੇ। ਇਸ ਲਈ FCI ਪੰਜਾਬ ਅਤੇ ਚੰਡੀਗੜ੍ਹ ਦਾ ਜਨਰਲ ਮੈਨੇਜਰ ਪੰਜਾਬ ਦਾ ਅਧਿਕਾਰੀ ਹੀ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੈਡਰ ਦੇ ਅਧਿਕਾਰੀ ਸੂਬੇ ਦੀ ਖ਼ਰੀਦ, ਭੰਡਾਰਣ ਅਤੇ ਵੰਡ ਪ੍ਰਣਾਲੀ ਦਾ ਪ੍ਰਤੱਖ ਤਜ਼ੁਰਬਾ ਰੱਖਦੇ ਹਨ, ਜੋ ਸੂਬਾ ਸਰਕਾਰ ਅਤੇ ਕੇਂਦਰ ਦੀ ਏਜੰਸੀਆਂ ਵਿਚਕਾਰ ਵਧੀਆ ਤਾਲਮੇਲ ਬਿਠਾਉਣ ਨੂੰ ਯਕੀਨੀ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਕੈਡਰ ਦੇ IAS ਅਧਿਕਾਰੀਆਂ ਦਾ ਇਕ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਪਹਿਲੇ ਪੈਨਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਇਸ ਨੂੰ ਸੋਧ ਕੇ ਭੇਜਿਆ ਗਿਆ ਪਰ ਇਸ ਪੈਨਲ ਨੂੰ ਵੀ ਮਨਜ਼ੂਰੀ ਨਾ ਦੇ ਕੇ ਕਿਸੇ ਹੋਰ ਕੈਡਰ ਦੇ IAS ਅਧਿਕਾਰੀ ਦੇ ਨਾਂ ਨੂੰ ਇਸ ਅਹਿਮ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ ਹੈ।
