ਗੈਜੇਟ ਡੈਸਕ : ਕੇਂਦਰ ਸਰਕਾਰ ਨੇ ਵਟਸਐਪ ਵਰਗੀਆਂ ਮੈਸੇਜਿੰਗ ਐਪਸ ਸੰਬੰਧੀ ਇੱਕ ਵੱਡਾ ਫ਼ੈਸਲਾ ਲਿਆ ਹੈ। ਦਰਅਸਲ, ਹੁਣ ਕੋਈ ਵੀ ਮੈਸੇਜਿੰਗ ਐਪ ਤੁਹਾਡੇ ਫ਼ੋਨ ਵਿੱਚ ਤਦੋਂ ਹੀ ਕੰਮ ਕਰੇਗਾ, ਜਦੋਂ ਉਹ ਸਿਮ ਕਾਰਡ ਜਿਸ ਤੋਂ ਤੁਸੀਂ ਐਪ ਵਿੱਚ ਰਜਿਸਟਰ ਕੀਤਾ ਹੈ, ਤੁਹਾਡੇ ਫ਼ੋਨ ਵਿੱਚ ਲੱਗਾ ਹੋਵੇ। ਇਸ ਤੋਂ ਇਲਾਵਾ, ਇਨ੍ਹਾਂ ਐਪਸ ਦੇ ਵੈੱਬ ਵਰਜ਼ਨ ਵਰਗੀਆਂ ਸਰਵਿਸਾਂ ਨੂੰ ਹਰ ਛੇ ਘੰਟੇ ਵਿੱਚ ਆਪਣੇ ਆਪ ਲੌਗਆਊਟ ਹੋਣਾ ਪਵੇਗਾ। ਸਰਕਾਰ ਨੇ ਇਹ ਫੈਸਲਾ ਸਾਈਬਰ ਫਰਾਡ ਕਰਨ ਵਾਲਿਆਂ ‘ਤੇ ਲਗਾਮ ਲਾਉਣ ਲਈ ਲਿਆ ਹੈ। ਇਹ ਫੈਸਲਾ ਫਰਵਰੀ 2026 ਤੋਂ ਲਾਗੂ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਸਾਈਬਰ ਠੱਗ ਵੱਖ-ਵੱਖ ਥਾਵਾਂ ਅਤੇ ਡਿਵਾਈਸਾਂ ਤੋਂ ਮੈਸੇਜਿੰਗ ਐਪ ਚਲਾ ਕੇ ਲੋਕਾਂ ਨੂੰ ਠੱਗਦੇ ਹਨ। ਐਵੇਂ ‘ਚ ਇਹ ਕਦਮ ਚੁੱਕਣਾ ਜ਼ਰੂਰੀ ਸੀ। ਦੱਸ ਦਈਏ ਕਿ ਇਹ ਫੈਸਲਾ WhatsApp, Telegram ਅਤੇ Signal ਜਿਹੇ ਸਾਰੇ ਮੈਸੇਜਿੰਗ ਐਪਸ ’ਤੇ ਲਾਗੂ ਹੋਵੇਗਾ।
ਕੀ ਕਹਿੰਦਾ ਹੈ ਆਦੇਸ਼
ਸਰਕਾਰ ਦੁਆਰਾ ਜਾਰੀ ਕੀਤੇ ਗਏ “ਸਿਮ ਬਾਈਂਡਿੰਗ” ਆਦੇਸ਼ ਦੇ ਅਨੁਸਾਰ, ਜੇਕਰ ਤੁਸੀਂ ਆਪਣੇ ਫ਼ੋਨ ‘ਚੋਂ ਉਹ ਸਿਮ ਕੱਢ ਦਿੰਦੇ ਹੋ ਜਿਸ ਨਾਲ ਤੁਸੀਂ WhatsApp ਜਾਂ ਕੋਈ ਹੋਰ ਮੈਸੇਜਿੰਗ ਐਪ ਚਲਾ ਰਹੇ ਸੀ, ਤਾਂ ਐਪ ਚੱਲਣਾ ਬੰਦ ਹੋ ਜਾਏਗਾ। ਇਸ ਦਾ ਮਤਲਬ ਹੈ ਕਿ ਹੁਣ WhatsApp ਕਈ ਡਿਵਾਈਸਾਂ ‘ਤੇ ਬਿਨਾਂ ਵਾਰ-ਵਾਰ ਵੈਰੀਫਿਕੇਸ਼ਨ ਦੇ ਇਸਤੇਮਾਲ ਨਹੀਂ ਹੋਵੇਗਾ।
ਇਸ ਤੋਂ ਇਲਾਵਾ, WhatsApp Web ਜਾਂ ਹੋਰ ਵੈੱਬ-ਅਧਾਰਿਤ ਚੈਟ ਸਰਵਿਸਾਂ ਨੂੰ ਹਰ ਛੇ ਘੰਟੇ ਬਾਅਦ ਆਪਣੇ-ਆਪ ਲੌਗਆਉਟ ਹੋਣਾ ਪਵੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸਾਈਬਰ ਠੱਗੀ ‘ਤੇ ਰੋਕ ਲੱਗੇਗੀ, ਕਿਉਂਕਿ ਕਈ ਅਪਰਾਧੀ ਭਾਰਤ ਤੋਂ ਬਾਹਰ ਬੈਠ ਕੇ ਭਾਰਤੀ ਨੰਬਰਾਂ ਤੋਂ ਠੱਗੀ ਕਰਦੇ ਹਨ।
ਕਿਉਂ ਜਾਰੀ ਕੀਤਾ ਗਿਆ ਨਵਾਂ ਹੁਕਮ?
ਇਸ ਫੈਸਲੇ ਦੇ ਬਾਰੇ ਵਿੱਚ, ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨਜ਼, ਯਾਨੀ ਕਿ DoT ਦਾ ਕਹਿਣਾ ਹੈ ਕਿ ਕਈ ਫਰਾਡ ਕਰਨ ਵਾਲੇ ਲੋਕ ਭਾਰਤ ਦੇ ਨੰਬਰ ਵਾਲੀ ਸਿਮ ਬਾਹਰ ਲੈ ਜਾ ਕੇ ਜਾਂ ਇੰਟਰਨੈੱਟ ਕਾਲਿੰਗ ਦੀ ਵਰਤੋਂ ਕਰਕੇ ਲੋਕਾਂ ਨੂੰ ਧੋਖਾ ਦਿੰਦੇ ਹਨ। ਦੱਸ ਦੇਈਏ ਕਿ ਹੁਣ ਤੱਕ WhatsApp ਵਰਗੇ ਪਲੇਟਫਾਰਮ ਸਿਰਫ਼ ਇੱਕ ਵਾਰ ਮੋਬਾਈਲ ਨੰਬਰ ਵੈਰੀਫਾਈ ਕਰਵਾਉਂਦੇ ਸਨ, ਇਸ ਲਈ ਅਪਰਾਧੀਆਂ ਲਈ ਇਸਨੂੰ ਕਈ ਵੱਖ-ਵੱਖ ਡਿਵਾਈਸਾਂ ‘ਤੇ ਵਰਤਣਾ ਆਸਾਨ ਸੀ। ਕਿਹਾ ਜਾ ਰਿਹਾ ਹੈ ਕਿ ਸਿਮ ਬਾਇੰਡਿੰਗ ਨਾਲ ਇਨ੍ਹਾਂ ਅਪਰਾਧੀਆਂ ਤੱਕ ਪਹੁੰਚਣਾ ਸੌਖਾ ਹੋਵੇਗਾ। ਹਾਲਾਂਕਿ, ਕਈ ਮਾਹਿਰਾਂ ਦਾ ਦਾਅਵਾ ਹੈ ਕਿ ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ।
ਤੁਹਾਡੇ ‘ਤੇ ਇਸਦਾ ਕੀ ਪ੍ਰਭਾਵ ਪਾਵੇਗਾ?
ਇਸ ਹੁਕਮ ਤੋਂ ਬਾਅਦ, ਹੁਣ ਤੁਹਾਨੂੰ WhatsApp ਵਰਗੇ ਮੈਸੇਜਿੰਗ ਐਪ ਚਲਾਉਣ ਲਈ ਆਪਣੇ ਫੋਨ ਵਿੱਚ ਉਸ ਨੰਬਰ ਦਾ ਸਿਮ ਰੱਖਣਾ ਪਵੇਗਾ ਜਿਸ ਤੋਂ ਤੁਸੀਂ ਮੈਸੇਜਿੰਗ ਐਪ ‘ਤੇ ਰਜਿਸਟਰ ਕਰੋਗੇ। ਕਹਿਣ ਦਾ ਮਤਲਬ ਹੈ ਕਿ ਜਿਸ ਨੰਬਰ ਤੋਂ ਵੀ ਤੁਸੀਂ WhatsApp ਜਾਂ Telegram ਵਰਗੇ ਕਿਸੇ ਮੈਸੇਜਿੰਗ ਐਪ ਵਿੱਚ ਲੌਗਇਨ ਕਰੋਗੇ, ਉਸ ਦਾ ਸਿਮ ਫੋਨ ਵਿੱਚ ਲੱਗਿਆ ਹੋਣਾ ਜ਼ਰੂਰੀ ਹੋਵੇਗਾ। ਇਹ ਫੈਸਲਾ ਫਰਵਰੀ 2026 ਤੋਂ ਲਾਗੂ ਹੋ ਜਾਵੇਗਾ।
ਇਸ ਤਰ੍ਹਾਂ, ਜੇਕਰ ਤੁਸੀਂ ਉਸ ਤੋਂ ਬਾਅਦ ਇੱਕ ਨੰਬਰ ਨਾਲ ਮੈਸੇਜਿੰਗ ਐਪ ਵਰਤ ਰਹੇ ਹੋਵੋਗੇ ਅਤੇ ਉਸ ਨੰਬਰ ਦਾ ਸਿਮ ਫ਼ੋਨ ਵਿੱਚੋਂ ਕੱਢੋਗੇ, ਤਾਂ ਮੈਸੇਜਿੰਗ ਐਪ ਵੀ ਕੰਮ ਕਰਨਾ ਬੰਦ ਕਰ ਦੇਵੇਗਾ। ਫ਼ੋਨ ਵਿੱਚ ਉਸੇ ਨੰਬਰ ਤੋਂ ਮੈਸੇਜਿੰਗ ਐਪ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਸਿਮ ਵਾਪਸ ਫ਼ੋਨ ਵਿੱਚ ਪਾ ਕੇ ਐਪ ਵਿੱਚ ਦੁਬਾਰਾ ਲੌਗ-ਇਨ ਕਰਨਾ ਹੋਵੇਗਾ। ਦੱਸ ਦੇਈਏ ਕਿ ਫਿਲਹਾਲ WhatsApp ਵਰਗੇ ਮਸ਼ਹੂਰ ਐਪਸ ਇੱਕ ਨੰਬਰ ਤੋਂ ਵੱਖ-ਵੱਖ ਫ਼ੋਨਾਂ ‘ਤੇ ਅਕਾਊਂਟ ਚਲਾਉਣ ਦਾ ਫੀਚਰ ਦਿੰਦੇ ਹਨ।
ਕੰਪਿਊਟਰਾਂ ‘ਤੇ ਇਨ੍ਹਾਂ ਐਪਾਂ ਦੀ ਵਰਤੋਂ ’ਤੇ ਕੀ ਪ੍ਰਭਾਵ ਪਵੇਗਾ?
ਦੱਸ ਦਈਏ ਕਿ ਇਸ ਹੁਕਮ ਤੋਂ ਬਾਅਦ ਕੰਪਿਊਟਰ ‘ਤੇ ਇਨ੍ਹਾਂ ਐਪਸ ਦੇ ਵੈੱਬ ਵਰਜ਼ਨ ਚਲਾਉਣ ‘ਤੇ ਵੀ ਅਸਰ ਪਏਗਾ। ਹੁਣ ਇਨ੍ਹਾਂ ਐਪਸ ਦੇ ਵੈੱਬ ਵਰਜ਼ਨ ਹਰ 6 ਘੰਟੇ ਬਾਅਦ ਆਪਣੇ ਆਪ ਲੌਗ-ਆਊਟ ਹੋ ਜਾਣਗੇ। ਇਸਦਾ ਮਤਲਬ ਹੈ ਕਿ ਤੁਹਾਨੂੰ ਹਰ 6 ਘੰਟੇ ਵਿੱਚ ਆਪਣੇ ਪੀ.ਸੀ ‘ਤੇ ਇਨ੍ਹਾਂ ਮੈਸੇਜਿੰਗ ਐਪਸ ਵਿੱਚ ਦੁਬਾਰਾ ਲੌਗਇਨ ਕਰਨਾ ਪਏਗਾ। ਫਿਲਹਾਲ WhatsApp ਵਰਗੇ ਐਪਸ ਦਾ ਵੈਬ ਵਰਜਨ ਵਰਤਣ ‘ਤੇ ਕੰਪਿਊਟਰ ਤੋਂ ਐਪ ਤਦ ਹੀ ਆਟੋ ਲੌਗਆਉਟ ਹੁੰਦੀ ਹੈ, ਜਦੋਂ ਤੁਸੀਂ ਪ੍ਰਾਇਮਰੀ ਡਿਵਾਈਸ ‘ਤੇ WhatsApp ਨੂੰ 14 ਦਿਨਾਂ ਤੱਕ ਨਾ ਵਰਤੋ।
