Home ਪੰਜਾਬ ਸੀ.ਬੀ.ਐੱਸ.ਈ. ਨੇ 12ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ‘ਚ ਕੀਤਾ ਬਦਲਾਅ

ਸੀ.ਬੀ.ਐੱਸ.ਈ. ਨੇ 12ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ‘ਚ ਕੀਤਾ ਬਦਲਾਅ

0

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ 12ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਦੀ ਤਰੀਕ ਬਦਲ ਦਿੱਤੀ ਹੈ। ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਪੁਸ਼ਟੀ ਕੀਤੀ ਹੈ ਕਿ ਹੁਣ 12ਵੀਂ ਜਮਾਤ ਦੇ ਸਾਰੇ ਵਿਸ਼ਿਆਂ ਦੀ ਸਪਲੀਮੈਂਟਰੀ ਪ੍ਰੀਖਿਆ 28 ਜੁਲਾਈ ਨੂੰ ਇਕ ਸ਼ਿਫਟ ‘ਚ ਹੋਵੇਗੀ। ਪਹਿਲਾਂ ਇਹ ਪ੍ਰੀਖਿਆ 15 ਜੁਲਾਈ ਨੂੰ ਹੋਣੀ ਸੀ। ਬੋਰਡ ਜਲਦ ਹੀ ਆਪਣਾ ਐਡਮਿਟ ਕਾਰਡ ਜਾਰੀ ਕਰੇਗਾ, ਜਿਸ ਤੋਂ ਬਿਨਾਂ ਪ੍ਰੀਖਿਆ ਕੇਂਦਰ ‘ਚ ਦਾਖਲਾ ਨਹੀਂ ਦਿੱਤਾ ਜਾਵੇਗਾ।

ਪ੍ਰੀਖਿਆ ਦੀ ਮਿਆਦ ਵਿਸ਼ੇ ਦੇ ਅਨੁਸਾਰ ਵੱਖ-ਵੱਖ ਹੋਵੇਗੀ। ਜ਼ਿਆਦਾਤਰ ਮੁੱਖ ਵਿਸ਼ਿਆਂ ਜਿਵੇਂ ਕਿ ਅੰਗਰੇਜ਼ੀ ਕੋਰ, ਹਿੰਦੀ ਕੋਰ, ਗਣਿਤ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਅਕਾਊਂਟਿੰਗ, ਬਿਜ਼ਨਸ ਸਟੱਡੀਜ਼, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਭੂਗੋਲ, ਇਤਿਹਾਸ ਅਤੇ ਸਰੀਰਕ ਸਿੱਖਿਆ ਵਰਗੇ ਵਿਸ਼ਿਆਂ ਦੀ ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ। ਪ੍ਰੋਡਕਸ਼ਨ, ਬੈਂਕਿੰਗ, ਮਾਰਕੀਟਿੰਗ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਰਗੇ ਵੋਕੇਸ਼ਨਲ ਅਤੇ ਹੁਨਰ ਆਧਾਰਿਤ ਵਿਸ਼ਿਆਂ ਦਾ ਸਮਾਂ ਸਵੇਰੇ 10:50 ਤੋਂ ਦੁਪਹਿਰ 1:30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਜਦੋਂ ਕਿ ਪੇਂਟਿੰਗ, ਸੰਗੀਤ (ਵੋਕਲ), ਯੋਗਾ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਡਾਟਾ ਸਾਇੰਸ ਦੀ ਪ੍ਰੀਖਿਆ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ। ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।

ਇਹ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਇੱਕ ਜਾਂ ਦੋ ਵਿਸ਼ਿਆਂ ਵਿੱਚ ਪਾਸ ਨਹੀਂ ਹੋ ਸਕੇ ਜਾਂ ਆਪਣੇ ਅੰਕਾਂ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਸੀ.ਬੀ.ਐਸ.ਈ. ਨੇ 13 ਮਈ ਨੂੰ 12ਵੀਂ ਦੀ ਮੁੱਖ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਰੈਗੂਲਰ ਅਤੇ ਪ੍ਰਾਈਵੇਟ ਦੋਵਾਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ 8 ਜੁਲਾਈ ਤੱਕ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version