HomePunjabਫਿਰ ਤੋਂ ਵਧਣੇ ਸ਼ੁਰੂ ਹੋਏ ਪਰਾਲੀ ਸਾੜਨ ਦੇ ਮਾਮਲੇ

ਫਿਰ ਤੋਂ ਵਧਣੇ ਸ਼ੁਰੂ ਹੋਏ ਪਰਾਲੀ ਸਾੜਨ ਦੇ ਮਾਮਲੇ

ਪਟਿਆਲਾ: ਪਿਛਲੇ ਕੁਝ ਦਿਨਾਂ ਤੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਪ੍ਰਸ਼ਾਸਨ ਵੱਲੋਂ ਦਿਖਾਈ ਗਈ ਸਖ਼ਤੀ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਪਰ ਹੁਣ ਫਿਰ ਇਨ੍ਹਾਂ ਮਾਮਲਿਆਂ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਪਰਾਲੀ ਸਾੜਨ ਦੇ 1,600 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪਿਛਲੇ 2 ਦਿਨਾਂ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,600 ਤੋਂ ਵੱਧ ਹੋ ਗਈ ਹੈ। ਦੀਵਾਲੀ ਵਾਲੇ ਦਿਨ ਵੀ ਸੂਬੇ ‘ਚ 1000 ਦੇ ਕਰੀਬ ਕੇਸ ਦਰਜ ਹੋਏ ਸਨ।

ਇਸ ਦੌਰਾਨ ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਠਿੰਡਾ ‘ਚ ਪਰਾਲੀ ਨੂੰ ਅੱਗ ਲਗਾਉਣ ਦੇ ਸਭ ਤੋਂ ਵੱਧ 272 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਸੰਗਰੂਰ ‘ਚ 216, ਮੁਕਤਸਰ ‘ਚ 191, ਫਾਜ਼ਿਲਕਾ ‘ਚ 171, ਮੋਗਾ ‘ਚ 164, ਬਰਨਾਲਾ ‘ਚ 132, ਫਰੀਦਕੋਟ ‘ਚ 129, ਮਾਨਸਾ ‘ਚ 110 ਮਾਮਲੇ ਦਰਜ ਕੀਤੇ ਗਏ। ਫਿਰੋਜ਼ਪੁਰ ‘ਚ 98, ਪਟਿਆਲਾ ‘ਚ 41, ਲੁਧਿਆਣਾ ‘ਚ 36, ਮਲੇਰਕੋਟਲਾ ‘ਚ 25, ਅੰਮ੍ਰਿਤਸਰ ‘ਚ 12, ਫਤਿਹਗੜ੍ਹ ਸਾਹਿਬ ‘ਚ 9 ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ। ਹੁਸ਼ਿਆਰਪੁਰ ਤੇ ਤਰਨਤਾਰਨ ‘ਚ 2-2 ਮਾਮਲੇ ਸਾਹਮਣੇ ਆਏ।

ਜੇਕਰ ਗੱਲ ਕੁੱਲ ਮਾਮਲਿਆਂ ਦੀ ਕਰੀਏ ਤਾਂ ਸੂਬੇ ‘ਚ 1 ਅਕਤੂਬਰ ਤੋਂ 13 ਨਵੰਬਰ ਤੱਕ ਕੁੱਲ 26,300 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 22,500 ਮਾਮਲੇ ਸਿਰਫ਼ 29 ਅਕਤੂਬਰ ਤੋਂ 13 ਨਵੰਬਰ ਤੱਕ ਦੇ 16 ਦਿਨਾਂ ‘ਚ ਹੀ ਦਰਜ ਕੀਤੇ ਗਏ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਦੀਆਂ  ਏਜੰਸੀਆਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਸਨ ਤਾਂ ਜੋ ਸੂਬੇ ‘ਚ ਪਰਾਲੀ ਨੂੰ ਅੱਗ ਲਗਾਉਣ ਅਤੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ‘ਤੇ ਕਾਬੂ ਪਾਇਆ ਜਾ ਸਕੇ, ਪਰ ਇਸ ਦੇ ਬਾਵਜੂਦ ਮਾਮਲਿਆਂ ਦੀ ਗਿਣਤੀ ਇੱਥੇ ਤੱਕ ਪਹੁੰਚ ਗਈ ਹੈ। 4,000 ਦੇ ਕਰੀਬ ਮਾਮਲਿਆਂ ‘ਚ ਕਿਸਾਨਾਂ ਨੂੰ ਕੁੱਲ 88 ਲੱਖ ਤੋਂ ਵੀ ਵੱਧ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ‘ਚ ਕਮੀ ਨਹੀਂ ਆਈ।

ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਕਾਰਨ ਸੂਬੇ ‘ਚ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਦੀਵਾਲੀ ਮੌਕੇ ਸਭ ਤੋਂ ਵੱਧ ਪ੍ਰਦੂਸ਼ਣ ਬਠਿੰਡਾ ਸ਼ਹਿਰ ‘ਚ ਦਰਜ ਕੀਤਾ ਗਿਆ ਜਿੱਥੇ ਦਾ ਏਅਰ ਕੁਆਲਿਟੀ ਇੰਡੈਕਸ (AQI) 384 ਤੱਕ ਰਿਕਾਰਡ ਕੀਤਾ ਗਿਆ, ਜੋ ਉਸ ਸਮੇਂ ਦਿੱਲੀ (362) ਦੇ AQI ਨਾਲੋਂ ਵੀ ਵੱਧ ਸੀ। ਪਟਿਆਲਾ ਦਾ AQI 298, ਜਲੰਧਰ ‘ਚ 291, ਲੁਧਿਆਣਾ ‘ਚ 286, ਮੰਡੀ ਗੋਬਿੰਦਗੜ੍ਹ ‘ਚ 243, ਖੰਨਾ ‘ਚ 259 ਅਤੇ ਅੰਮ੍ਰਿਤਸਰ ‘ਚ AQI 253 ਰਿਕਾਰਡ ਕੀਤਾ ਗਿਆ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments