ਭਦੋਹੀ: ਜਨਸੱਤਾ ਦਲ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਕੁੰਡਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਘੁਰਾਜ ਪ੍ਰਤਾਪ ਸਿੰਘ, ਉਰਫ਼ ‘ਰਾਜਾ ਭਈਆ’ ਨੂੰ ਸੋਸ਼ਲ ਮੀਡੀਆਂ ‘ਤੇ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਨ੍ਹਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਸੋਸ਼ਲ ਮੀਡੀਆ ਮੰਚ ‘ਇੰਸਟਾਗ੍ਰਾਮ’ ਅਤੇ ਫੇਸਬੁੱਕ ‘ਤੇ ਤਿੰਨ ਵੱਖ-ਵੱਖ ਆਈ.ਡੀ. ਤੋਂ ਪਿਛਲੇ ਇਕ ਹਫ਼ਤੇ ਤੋਂ ਰਾਜਾ ਭਈਆਂ ਨੂੰ ਕਥਿਤ ਤੌਰ ‘ਤੇ ਅਪਮਾਨਜਨਕ ਸੰਦੇਸ਼ ਭੇਜੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ । ਗੋਪੀਗੰਜ ਥਾਣੇ ਦੇ ਸਟੇਸ਼ਨ ਹਾਊਸ ਅਫ਼ਸਰ ਸੱਚਿਦਾਨੰਦ ਪਾਂਡੇ ਨੇ ਦੱਸਿਆ ਕਿ ‘ਰਾਜ ਸ਼ੂਟਰ ਔਫੀਸ਼ੀਅਲ’ , ‘ਐਮ ਰਾਜ ਸ਼ੂਟਰ’ ਅਤੇ ‘ਐਮ ਸ਼ੂਟਰ’ ਨਾਮਕ ਖਾਤਿਆਂ ਤੋਂ ਵਿਧਾਇਕ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਅਤੇ ਧਮਕੀ ਭਰੇ ਸੰਦੇਸ਼ ਆਨਲਾਈਨ ਫੈਲਾਏ ਗਏ। ਉਨ੍ਹਾਂ ਦੱਸਿਆ ਕਿ ਜਨਸੱਤਾ ਦਲ ਦੀ ਭਦੋਹੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਸਿੰਘ ਨੇ ਬੀਤੀ ਸ਼ਾਮ ਨੂੰ ਗੋਪੀਗੰਜ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਅਤੇ ਸੋਸ਼ਲ ਮੀਡੀਆ ਰਾਹੀਂ ਭੇਜੇ ਗਏ ਸੰਦੇਸ਼ਾਂ ਦੀਆਂ ਕਾਪੀਆਂ ਵੀ ਸੌਂਪੀਆਂ।
ਪੁਲਿਸ ਸੂਤਰਾਂ ਦੇ ਅਨੁਸਾਰ , ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 23 ਅਕਤੂਬਰ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਰਾਂਹੀਂ ਰਾਜਾ ਭਈਆ ਨੂੰ ਧਮਕੀ ਦਿੱਤੀ ਜਾ ਰਹੀ ਸੀ। ਸ਼ਿਕਾਇਤ ਅਤੇ ਪ੍ਰਾਪਤ ਸੰਦੇਸ਼ਾਂ ਦੇ ਆਧਾਰ ‘ਤੇ, ਭਾਰਤੀ ਨਿਆਂ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਖਾਤਾਧਾਰਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। SHO ਨੇ ਕਿਹਾ ਕਿ ਪੁਲਿਸ ਫਿਲਹਾਲ ਇਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਅਤੇ ਸੰਦੇਸ਼ਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਨ੍ਹਾਂ ਧਮਕੀਆਂ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਪਾਂਡੇ ਨੇ ਅੱਗੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਕੰਮ ਕਰ ਰਹੀ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
