ਉਤਰਾਖੰਡ : ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਦੋਂ ਯਾਤਰੀਆਂ ਨਾਲ ਭਰੀ ਇਕ 18 ਸੀਟਾਂ ਵਾਲੀ ਬੱਸ ਬੇਕਾਬੂ ਹੋ ਕੇ ਅਲਕਨੰਦਾ ਨਦੀ ਵਿੱਚ ਡਿੱਗ ਗਈ। ਹੁਣ ਤੱਕ ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 7 ਹੋਰ ਜ਼ਖਮੀ ਹਨ। ਹਾਦਸੇ ਸਮੇਂ ਬੱਸ ਵਿੱਚ ਕੁੱਲ 18 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ 10 ਯਾਤਰੀ ਹਾਲੇ ਵੀ ਲਾਪਤਾ ਹਨ। ਇਹ ਹਾਦਸਾ ਰੁਦਰਪ੍ਰਯਾਗ ਜ਼ਿਲ੍ਹੇ ਦੇ ਘੋਲਟੀਰ ਇਲਾਕੇ ਵਿੱਚ ਵਾਪਰਿਆ। ਬੱਸ ਰਾਜਸਥਾਨ ਦੇ ਉਦੈਪੁਰ ਤੋਂ ਬਦਰੀਨਾਥ ਧਾਮ ਜਾ ਰਹੀ ਸੀ, ਜਦੋਂ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਇਕ ਡੂੰਘੀ ਖਾਈ ਵਿੱਚੋਂ ਨਦੀ ਵਿੱਚ ਡਿੱਗ ਗਈ।
ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਡਿੱਗ ਗਈ ਬੱਸ
ਸਥਾਨਕ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਨੂੰ ਇਕ ਮੋੜ ‘ਤੇ ਡਿੱਗਦੇ ਦੇਖਿਆ ਅਤੇ ਕੁਝ ਹੀ ਪਲਾਂ ਵਿੱਚ ਇਹ ਖਾਈ ਵਿੱਚ ਡਿੱਗ ਗਈ। ਲੋਕਾਂ ਨੇ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਹਾਦਸੇ ਦੌਰਾਨ ਬੱਸ ਵਿੱਚੋਂ ਲਗਭਗ 5 ਲੋਕ ਬਾਹਰ ਨਿਕਲ ਗਏ। ਟੈਂਪੋ ਟਰੈਵਲਰ ਵਿੱਚ ਲਗਭਗ 18 ਤੋਂ 19 ਯਾਤਰੀ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਗੱਡੀ ਰਾਜਸਥਾਨ ਤੋਂ ਉਤਰਾਖੰਡ ਯਾਤਰੀਆਂ ਨੂੰ ਲੈ ਕੇ ਆ ਰਹੀ ਸੀ।
ਇਸ ਹਾਦਸੇ ਵਿੱਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 7 ਲੋਕ ਜ਼ਖਮੀ ਹਨ, ਜਿਨ੍ਹਾਂ ਵਿੱਚ ਦੋ 9 ਸਾਲ ਦੇ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ, ਲਗਭਗ ਦਸ ਯਾਤਰੀ ਹਾਲੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਨਦੀ ਦਾ ਤੇਜ਼ ਵਹਾਅ ਬਚਾਅ ਕਾਰਜ ਨੂੰ ਚੁਣੌਤੀਪੂਰਨ ਬਣਾ ਰਿਹਾ ਹੈ, ਪਰ ਪ੍ਰਸ਼ਾਸਨ ਦੀ ਟੀਮ ਪੂਰੀ ਤੇਜ਼ੀ ਨਾਲ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ।
ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ
ਪੁਲਿਸ ਹੈੱਡਕੁਆਰਟਰ ਦੇ ਬੁਲਾਰੇ ਆਈ.ਜੀ ਨੀਲੇਸ਼ ਆਨੰਦ ਭਾਰਨੇ ਅਨੁਸਾਰ, ਬੱਸ ਨਦੀ ਵਿੱਚ ਡਿੱਗਦੇ ਹੀ ਸਥਾਨਕ ਲੋਕ, ਪੁਲਿਸ ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਅਗਸਤਯਮੁਨੀ, ਰਤੁਦਾ ਅਤੇ ਗੌਚਰ ਥਾਣਿਆਂ ਦੀ ਪੁਲਿਸ, ਐਸ.ਡੀ.ਆਰ.ਐਫ. ਅਤੇ ਪ੍ਰਸ਼ਾਸਨਿਕ ਅਧਿਕਾਰੀ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਹਾਲਾਂਕਿ, ਤੇਜ਼ ਕਰੰਟ ਅਤੇ ਪਹੁੰਚ ਤੋਂ ਬਾਹਰ ਵਾਲਾ ਖੇਤਰ ਰਾਹਤ ਕਾਰਜਾਂ ਵਿੱਚ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਮੁੱਖ ਮੰਤਰੀ ਨੇ ਦੁੱਖ ਕੀਤਾ ਪ੍ਰਗਟ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ: “ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਟੈਂਪੋ ਟਰੈਵਲਰ ਦੇ ਨਦੀ ਵਿੱਚ ਡਿੱਗਣ ਦੀ ਖ਼ਬਰ ਬਹੁਤ ਦੁਖਦਾਈ ਹੈ। ਐਸ.ਡੀ.ਆਰ.ਐਫ ਅਤੇ ਹੋਰ ਟੀਮਾਂ ਜੰਗੀ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ। ਮੈਂ ਲਗਾਤਾਰ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ ਅਤੇ ਸਾਰਿਆਂ ਦੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।”
ਜ਼ਖਮੀਆਂ ਦਾ ਇਲਾਜ ਜਾਰੀ
ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਚਾਅ ਟੀਮ ਲਾਪਤਾ ਯਾਤਰੀਆਂ ਦੀ ਲਗਾਤਾਰ ਭਾਲ ਕਰ ਰਹੀ ਹੈ ਅਤੇ ਸੁਰੱਖਿਆ ਬਲ ਹਾਦਸੇ ਵਾਲੀ ਥਾਂ ‘ਤੇ ਤਾਇਨਾਤ ਹਨ।
