Home ਯੂਪੀ ਖ਼ਬਰਾਂ ਯਮੁਨਾ ਐਕਸਪ੍ਰੈੱਸਵੇਅ ’ਤੇ ਬੱਸ ਹਾਦਸਾ, CM ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਯਮੁਨਾ ਐਕਸਪ੍ਰੈੱਸਵੇਅ ’ਤੇ ਬੱਸ ਹਾਦਸਾ, CM ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ

0

ਗ੍ਰੇਟਰ ਨੋਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਯਮੁਨਾ ਐਕਸਪ੍ਰੈੱਸਵੇਅ ’ਤੇ ਦੇਰ ਰਾਤ ਇੱਕ ਚੱਲਦੀ ਬੱਸ ਨੂੰ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ। ਜੇਵਰ ਥਾਣਾ ਖੇਤਰ ਵਿੱਚ ਹੋਏ ਇਸ ਹਾਦਸੇ ਦੌਰਾਨ ਬੱਸ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਘਟਨਾ ਵਿੱਚ 9 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਮੁਤਾਬਕ ਬੱਸ ਨਵੀਂ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਵੱਲ ਜਾ ਰਹੀ ਸੀ। ਯਮੁਨਾ ਐਕਸਪ੍ਰੈੱਸਵੇਅ ’ਤੇ 33ਵੇਂ ਕਿਲੋਮੀਟਰ ਦੇ ਨੇੜੇ ਪਹੁੰਚਣ ’ਤੇ ਬੱਸ ਵਿੱਚ ਅਚਾਨਕ ਅੱਗ ਭੜਕ ਉੱਠੀ। ਅੱਗ ਨੇ ਇੰਨੀ ਤੇਜ਼ੀ ਨਾਲ ਬੱਸ ਨੂੰ ਆਪਣੀ ਲਪੇਟ ਵਿੱਚ ਲਿਆ ਕਿ ਯਾਤਰੀਆਂ ਨੂੰ ਬਾਹਰ ਨਿਕਲਣ ਲਈ ਬਹੁਤ ਘੱਟ ਸਮਾਂ ਮਿਲਿਆ।

ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ’ਤੇ ਪਹੁੰਚੀਆਂ

ਬੱਸ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਤੁਰੰਤ ਘਟਨਾ ਸਥਾਨ ’ਤੇ ਪਹੁੰਚੀਆਂ। ਜੇਵਰ ਟੋਲ ’ਤੇ ਮੌਜੂਦ ਫਾਇਰ ਟੈਂਡਰ ਤੋਂ ਇਲਾਵਾ ਹੋਰ ਚਾਰ ਫਾਇਰ ਟੈਂਡਰ, ਰੈਸਕਿਊ ਟੈਂਡਰ ਅਤੇ ਫਾਇਰ ਸਰਵਿਸ ਯੂਨਿਟਾਂ ਨੂੰ ਵੀ ਮੌਕੇ ’ਤੇ ਭੇਜਿਆ ਗਿਆ।

ਫਾਇਰ ਕਰਮਚਾਰੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਤੋਂ ਬਾਅਦ ਬੱਸ ਦੇ ਅੰਦਰ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਧੂੰਏਂ ਨਾਲ ਭਰੀ ਬੱਸ ਵਿੱਚ ਦਾਖ਼ਲ ਹੋ ਕੇ ਪੁਲਸ ਅਤੇ ਫਾਇਰ ਕਰਮਚਾਰੀਆਂ ਨੇ ਯਾਤਰੀਆਂ ਨੂੰ ਬਾਹਰ ਕੱਢਿਆ।

ਰੈਸਕਿਊ ਦੌਰਾਨ ਬੱਸ ਵਿੱਚੋਂ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਅੱਗ ਨਾਲ ਝੁਲਸਣਾ ਜਾਂ ਧੂੰਏਂ ਕਾਰਨ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਜਾਂਚ ਅਤੇ ਮੈਡੀਕਲ ਪ੍ਰਕਿਰਿਆ ਤੋਂ ਬਾਅਦ ਹੋਵੇਗੀ।

AC ਵਿੱਚ ਸਪਾਰਕ ਤੋਂ ਅੱਗ ਲੱਗਣ ਦਾ ਖਦਸ਼ਾ

ਸ਼ੁਰੂਆਤੀ ਜਾਂਚ ਵਿੱਚ ਬੱਸ ਦੇ ਏਸੀ ਸਿਸਟਮ ਵਿੱਚ ਸਪਾਰਕ ਜਾਂ ਧਮਾਕੇ ਤੋਂ ਅੱਗ ਲੱਗਣ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਤੋਂ ਬਾਅਦ ਅੱਗ ਇੰਜਣ ਦੇ ਲੁਬਰੀਕੇਂਟ ਆਇਲ ਤੱਕ ਪਹੁੰਚਣ ਅਤੇ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਫਿਲਹਾਲ ਪੁਲਸ ਵੱਲੋਂ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਵਰ ਥਾਣਾ ਪੁਲਸ ਨੇ ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਮਾਮਲੇ ਵਿੱਚ ਪੁਲਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

CM ਯੋਗੀ ਨੇ ਕੀਤਾ 2-2 ਲੱਖ ਰੁਪਏ ਦੀ ਮਦਦ ਦਾ ਐਲਾਨ

ਹਾਦਸੇ ਦਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨੋਟਿਸ ਲਿਆ ਹੈ। ਮੁੱਖ ਮੰਤਰੀ ਵੱਲੋਂ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੀ ਪਛਾਣ, ਪਰਿਵਾਰਾਂ ਨਾਲ ਸੰਪਰਕ ਅਤੇ ਹਾਦਸੇ ਦੇ ਹੋਰ ਕਾਰਨਾਂ ਦੀ ਜਾਂਚ ਸਮੇਤ ਲੋੜੀਂਦੀ ਕਾਰਵਾਈ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version