ਹਰਦੋਈ: ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਅੱਜ ਸਵੇਰੇ ਗੰਗਾ ਐਕਸਪ੍ਰੈੱਸਵੇਅ ‘ਤੇ ਇੱਕ ਬੱਸ ਬੇਕਾਬੂ ਹੋ ਕੇ ਦੋ ਲੇਨਾਂ ਵਿਚਕਾਰ ਬਣੀ ਖੱਡ ਵਿੱਚ ਜਾ ਡਿੱਗੀ। ਹਾਦਸੇ ਸਮੇਂ ਬੱਸ ਵਿੱਚ ਕਰੀਬ 80 ਯਾਤਰੀ ਸਵਾਰ ਸਨ, ਹਾਲਾਂਕਿ ਸਾਰੇ ਸੁਰੱਖਿਅਤ ਬਚ ਗਏ।
ਪੁਲਿਸ ਮੁਤਾਬਕ ਇਹ ਹਾਦਸਾ ਪਾਲੀ ਥਾਣਾ ਖੇਤਰ ਦੇ ਹੱਧਾ-ਮਲਿਕਪੁਰ ਪਿੰਡ ਨੇੜੇ ਵਾਪਰਿਆ। ਹਰਿਆਣਾ ਦੇ ਪਾਣੀਪਤ ਤੋਂ ਬਿਹਾਰ ਜਾ ਰਹੀ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਰੇਲਿੰਗ ਤੋੜਦੀ ਹੋਈ ਖੱਡ ਵਿੱਚ ਜਾ ਡਿੱਗੀ। ਸ਼ਾਹਾਬਾਦ ਦੇ ਪੁਲਿਸ ਖੇਤਰ ਅਧਿਕਾਰੀ ਸੰਤੋਸ਼ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਅਤੇ ਸਾਰੇ ਸੁਰੱਖਿਅਤ ਹਨ। ਪੁਲਿਸ ਅਨੁਸਾਰ ਬੱਸ ਵਿੱਚ ਕਰੀਬ 80 ਯਾਤਰੀ ਸਵਾਰ ਸਨ। ਬੱਸ ਵਿੱਚ ਸਲੀਪਰ ਦੀ ਸਹੂਲਤ ਵੀ ਮੌਜੂਦ ਸੀ।
ਹਾਲਾਂਕਿ, ਕੁਝ ਚਸ਼ਮਦੀਦਾਂ ਦਾ ਦਾਅਵਾ ਹੈ ਕਿ ਬੱਸ ਵਿੱਚ ਯਾਤਰੀਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ‘ਡਾਇਲ 112’ ਦੀ ਪੁਲਿਸ ਟੀਮ ਅਤੇ ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ ਅਥਾਰਟੀ (ਯੂਪੀਡਾ) ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਯੂਪੀਡਾ ਦੀ ਟੀਮ ਨੇ ਕਰੇਨ ਦੀ ਮਦਦ ਨਾਲ ਨੁਕਸਾਨੀ ਗਈ ਬੱਸ ਨੂੰ ਖੱਡ ਵਿੱਚੋਂ ਬਾਹਰ ਕਢਵਾਇਆ। ਇਸ ਤੋਂ ਬਾਅਦ ਬੱਸ ਨੂੰ ਟੋਲ ਪਲਾਜ਼ਾ ਦੇ ਕੰਟਰੋਲ ਰੂਮ ਵਿੱਚ ਲਿਜਾਇਆ ਗਿਆ।
