ਕਰਾਚੀ : ਪਾਕਿਸਤਾਨ ਦੇ ਕਰਾਚੀ ਵਿੱਚ ਅੱਜ ਇੱਕ ਅਪਾਰਟਮੈਂਟ ਵਿੱਚ ਗੈਸ ਧਮਾਕੇ ਤੋਂ ਬਾਅਦ ਇਮਾਰਤ ਦਾ ਇੱਕ ਹਿੱਸਾ ਡਿੱਗਣ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਤੇ ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਿਸ ਦੇ ਮੁਖੀ ਰਿਜ਼ਵਾਨ ਪਟੇਲ ਨੇ ਦੱਸਿਆ ਕਿ ਧਮਾਕਾ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਮਲਬੇ ਵਿੱਚ ਕਈ ਵਿਅਕਤੀ ਫਸ ਹੈ ਜਾਂ ਨਹੀਂ, ਇਸ ਦਾ ਪਤਾ ਲਗਾਉਣ ਦੇ ਲਈ ਬਚਾਵਕਰਮੀ ਹੁਣ ਵੀ ਮਲਵਾ ਹਟਾ ਰਹੇ ਹਨ।
ਪਟੇਲ ਨੇ ਹਾਲਾਕਿ ਵਿਸਤਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਹੁਣ ਜਾਰੀ ਹੈ। ਪਾਕਿਸਤਾਨ ਦੇ ਹੋਰ ਹਿੱਸਿਆਂ ਵਾਂਗ, ਕਰਾਚੀ ਵਿੱਚ ਜ਼ਿਆਦਾਤਰ ਘਰਾਂ ਅਤੇ ਅਪਾਰਟਮੈਂਟ ਇਮਾਰਤਾਂ ਨੂੰ ਖਾਣਾ ਪਕਾਉਣ ਲਈ ਕੁਦਰਤੀ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। ਕੁਦਰਤੀ ਗੈਸ ਦੇ ਘੱਟ ਦਬਾਅ ਦੇ ਕਾਰਨ, ਕਈ ਪਰਿਵਾਰ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ) ਸਿਲੰਡਰਾਂ ‘ਤੇ ਵੀ ਨਿਰਭਰ ਹਨ।
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜੁਲਾਈ ਵਿੱਚ ਇੱਕ ਵਿਆਹ ਦੇ ਰਿਸੈਪਸ਼ਨ ਦੌਰਾਨ ਇੱਕ ਗੈਸ ਧਮਾਕੇ ਵਿੱਚ ਲਾੜਾ ਅਤੇ ਲਾੜੀ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਮਹਿਮਾਨ ਜੋੜੇ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ।
