ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ 12 ਅਤੇ 13 ਸਤੰਬਰ ਨੂੰ ਹੋਣ ਵਾਲੇ BRICS Summit 2026 ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕਈ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਿੱਲੀ ਪਹੁੰਚ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਵਿਦੇਸ਼ੀ ਮਹਿਮਾਨਾਂ ਨਾਲ ਹੋਣ ਵਾਲੀਆਂ ਮੁਲਾਕਾਤਾਂ ਦਾ ਦਿਨ-ਵਾਰ ਪ੍ਰੋਗਰਾਮ ਵੀ ਸਾਹਮਣੇ ਆ ਗਿਆ ਹੈ।
ਅੱਜ ਇਨ੍ਹਾਂ ਆਗੂਆਂ ਨਾਲ ਮੁਲਾਕਾਤ
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਹੋਵੇਗੀ। ਇਸ ਤੋਂ ਇਲਾਵਾ ਉਹ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਸੰਯੁਕਤ ਰਾਸ਼ਟਰ ਦੇ ਮਹਾਸਚਿਵ ਐਂਟੋਨੀਓ ਗੁਟੇਰੇਸ ਨਾਲ ਵੀ ਬੈਠਕ ਕਰਨਗੇ।
12 ਸਤੰਬਰ ਦਾ ਪੂਰਾ ਸ਼ਡਿਊਲ
12 ਸਤੰਬਰ ਨੂੰ PM ਮੋਦੀ ਦੀਆਂ ਕਈ ਅਹਿਮ ਦੁਵੱਲੀਆਂ ਬੈਠਕਾਂ ਹੋਣੀਆਂ ਹਨ। ਇਸ ਦਿਨ ਉਹ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ੍ਹ ਹੰਗ ਨਾਲ ਵੀ ਗੱਲਬਾਤ ਕਰਨਗੇ। ਇਸੇ ਦਿਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਬੈਠਕ ਹੋਵੇਗੀ।
12 ਸਤੰਬਰ ਨੂੰ ਸਭ ਤੋਂ ਅਹਿਮ ਮੁਲਾਕਾਤਾਂ ਵਿੱਚੋਂ ਇੱਕ PM ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਣ ਵਾਲੀ ਬੈਠਕ ਹੋਵੇਗੀ।
13 ਸਤੰਬਰ ਨੂੰ ਵੀ ਕਈ ਅਹਿਮ ਮੁਲਾਕਾਤਾਂ
13 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਏਵ ਨਾਲ ਮੁਲਾਕਾਤ ਹੋਵੇਗੀ। ਇਸ ਤੋਂ ਬਾਅਦ ਉਹ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ. ਮਾਰਕੋਸ ਜੂਨੀਅਰ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹ ਅਲ-ਸੀਸੀ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਤਾਮੇਲਾ ਸਿਰਿਲ ਰਾਮਾਫੋਸਾ ਨਾਲ ਗੱਲਬਾਤ ਕਰਨਗੇ।
ਇਸੇ ਦਿਨ PM ਮੋਦੀ ਦੀ ਬੁਰੂੰਡੀ ਦੇ ਰਾਸ਼ਟਰਪਤੀ ਐਵਰਿਸਟ ਨਦਾਇਸ਼ਿਮੀਏ ਅਤੇ ਨਾਈਜੀਰੀਆ ਦੇ ਉਪ ਰਾਸ਼ਟਰਪਤੀ ਕਾਸ਼ਿਮ ਸ਼ੇਤੀਮਾ ਨਾਲ ਵੀ ਮੁਲਾਕਾਤ ਹੋਵੇਗੀ। ਇਸ ਤੋਂ ਇਲਾਵਾ ਯੂਗਾਂਡਾ ਦੀ ਉਪ ਰਾਸ਼ਟਰਪਤੀ ਜੈਸਿਕਾ ਅਲੂਪੋ ਨਾਲ ਵੀ ਉਨ੍ਹਾਂ ਦੀ ਬੈਠਕ ਤੈਅ ਹੈ।
BRICS Summit ਕਾਰਨ ਦਿੱਲੀ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
BRICS Summit ਨੂੰ ਲੈ ਕੇ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕੀਤੇ ਗਏ ਹਨ। ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਭਾਰਤ ਮੰਡਪਮ ਅਤੇ ਵਿਦੇਸ਼ੀ ਮਹਿਮਾਨਾਂ ਦੇ ਠਹਿਰਨ ਵਾਲੇ ਪ੍ਰਮੁੱਖ ਹੋਟਲਾਂ ਦੇ ਆਲੇ-ਦੁਆਲੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।
ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ NSG ਕਮਾਂਡੋ ਅਤੇ ਦਿੱਲੀ ਪੁਲਿਸ ਦੀਆਂ SWAT ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐਂਟੀ-ਡ੍ਰੋਨ ਸਿਸਟਮ ਅਤੇ ਰਡਾਰ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
13 ਸਤੰਬਰ ਤੱਕ ਦਿੱਲੀ ’ਚ ਟ੍ਰੈਫਿਕ ਪਾਬੰਦੀਆਂ
ਵੀਆਈਪੀ ਮਹਿਮਾਨਾਂ ਦੀ ਆਵਾਜਾਈ ਨੂੰ ਦੇਖਦੇ ਹੋਏ ਨਵੀਂ ਦਿੱਲੀ ਵਿੱਚ 13 ਸਤੰਬਰ ਤੱਕ ਟ੍ਰੈਫਿਕ ਪ੍ਰਬੰਧਾਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਕਈ ਰਸਤਿਆਂ ’ਤੇ ਡਾਇਵਰਜ਼ਨ ਲਾਗੂ ਕੀਤੇ ਗਏ ਹਨ ਅਤੇ ਕੁਝ ਮੁੱਖ ਸੜਕਾਂ ’ਤੇ ਆਵਾਜਾਈ ਨੂੰ ਨਿਯੰਤਰਿਤ ਕੀਤਾ ਗਿਆ ਹੈ।
ਸੁਰੱਖਿਆ ਪ੍ਰਬੰਧਾਂ ਅਤੇ ਵੀਆਈਪੀ ਕਾਫ਼ਲਿਆਂ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਦਿੱਲੀ ਵਿੱਚ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਨਾਲ ਲੱਗਦੀਆਂ ਸਰਹੱਦਾਂ ’ਤੇ ਵੀ ਵਾਹਨਾਂ ਦੀ ਚੈਕਿੰਗ ਵਧਾ ਦਿੱਤੀ ਗਈ ਹੈ।
