ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਬ੍ਰਹਮਪੁਰੀ ਇਲਾਕੇ ‘ਚ ਅੱਜ ਜ਼ਿਲ੍ਹਾ ਅਦਾਲਤ ਨੇ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਉਸ ਨੂੰ ਨੀਲੇ ਡਰੰਮ ‘ਚ ਸੁੱਟਣ ਦੇ ਮਾਮਲੇ ‘ਚ ਦੋਹਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਜ਼ਿਲ੍ਹਾ ਸਰਕਾਰੀ ਵਕੀਲ (ਅਪਰਾਧਿਕ) ਕੇਕੇ ਚੌਬੇ ਨੇ ਦੱਸਿਆ ਕਿ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਨੇ ਸੌਰਭ ਰਾਜਪੂਤ ਕਤਲ ਕੇਸ ਦੇ ਮੁਲਜ਼ਮ ਉਸ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਕਤਲ ਅਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਦੋਸ਼ੀ ਠਹਿਰਾਇਆ ਸੀ। ਦੱਸ ਦਈਏ ਕਿ ਅਦਾਲਤ ਨੇ 19 ਸਤੰਬਰ ਨੂੰ ਦੋਸ਼ੀ ਠਹਿਰਾਏ ਜਾਣ ‘ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਚੌਬੇ ਨੇ ਕਿਹਾ ਕਿ ਅਦਾਲਤ ਨੇ ਸੁਪਰੀਮ ਕੋਰਟ ਦੇ ਇਕ ਹੁਕਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਮਾਜ ‘ਚ ਅਜਿਹੇ ਘਿਨਾਉਣੇ ਅਪਰਾਧਾਂ ਲਈ ਅਪਰਾਧੀਆਂ ਨੂੰ ਢੁੱਕਵੀਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਸਮਾਜ ਨੂੰ ਸਪੱਸ਼ਟ ਸੰਦੇਸ਼ ਜਾਵੇ।
ਜ਼ਿਲ੍ਹਾ ਸਰਕਾਰੀ ਵਕੀਲ ਨੇ ਦੱਸਿਆ ਕਿ ਫ਼ੈੈਸਲਾ ਸੁਣਾਏ ਜਾਣ ਸਮੇਂ ਸੌਰਭ ਰਾਜਪੂਤ ਦੀ ਮਾਂ, ਭਰਾ ਅਤੇ ਹੋਰ ਪਰਿਵਾਰਕ ਮੈਂਬਰ ਅਦਾਲਤ ਦੇ ਕਮਰੇ ਵਿੱਚ ਮੌਜੂਦ ਸਨ, ਜਦਕਿ ਮੁਸਕਾਨ ਅਤੇ ਸਾਹਿਲ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਉਸ ਨੇ ਦੱਸਿਆ ਕਿ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਦੋਵਾਂ ਦੋਸ਼ੀਆਂ ਦੇ ਵਿਵਹਾਰ ਵਿਚ ਬਦਲਾਅ ਦੇਖਿਆ ਗਿਆ ਸੀ। ਚੌਬੇ ਨੇ ਕਿਹਾ ਕਿ ਸਾਹਿਲ ਲਗਭਗ ਚਾਰ ਦਿਨਾਂ ਤੋਂ ਚੁੱਪ ਅਤੇ ਗੁੰਮ-ਸੁਮ ਰਿਹਾ ਅਤੇ ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰ ਰਿਹਾ ਸੀ , ਜਦੋਂ ਕਿ ਉਹ ਅਤੇ ਮੁਸਕਾਨ ਪਿਛਲੇ ਤਿੰਨ ਦਿਨਾਂ ਤੋਂ ਆਪਣਾ ਜ਼ਿਆਦਾ ਸਮਾਂ ਪ੍ਰਾਥਨਾ ਕਰਨ ਵਿੱਚ ਬਿਤਾ ਰਹੇ ਸਨ । ਉਨ੍ਹਾਂ ਦੱਸਿਆ ਕਿ ਇਸਤਗਾਸਾ ਪੱਖ ਨੇ ਇਸ ਕੇਸ ਵਿੱਚ 22 ਗਵਾਹ ਪੇਸ਼ ਕੀਤੇ ਸਨ ਅਤੇ ਕਰੀਬ 13 ਮਹੀਨਿਆਂ ਤੱਕ ਚੱਲੀਆਂ 126 ਸੁਣਵਾਈਆਂ ਤੋਂ ਬਾਅਦ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਵਰਣਨਯੋਗ ਹੈ ਕਿ ਸੌਰਭ ਦਾ ਕਤਲ 3 ਮਾਰਚ 2025 ਦੀ ਰਾਤ ਨੂੰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਮੁਸਕਾਨ ਨੇ ਕਥਿਤ ਤੌਰ ‘ਤੇ ਆਪਣੇ ਪਤੀ ਸੌਰਭ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਸਾਹਿਲ ਦੀ ਮਦਦ ਨਾਲ ਚਾਕੂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਟੁਕੜੇ-ਟੁਕੜੇ ਕਰ ਕੇ ਨੀਲੇ ਰੰਗ ਦੇ ਡਰੰਮ ਵਿਚ ਪਾ ਕੇ ਸੀਮਿੰਟ ਨਾਲ ਬੰਦ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਮੁਸਕਾਨ ਅਤੇ ਸਾਹਿਲ ਹਿਮਾਚਲ ਪ੍ਰਦੇਸ਼ ਚਲੇ ਗਏ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ 18-19 ਮਾਰਚ 2025 ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਕਾਫੀ ਗੁੱਸਾ ਸੀ ਅਤੇ ਜਦੋਂ ਦੋਵਾਂ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਰੋਹ ਵਿੱਚ ਆਏ ਵਕੀਲਾਂ ਨੇ ਸਾਹਿਲ ਦੀ ਕੁੱਟਮਾਰ ਕੀਤੀ। ਫਿਲਹਾਲ ਅਦਾਲਤ ਨੇ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
