Home ਦੇਸ਼ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੂੰ ਧਮਕੀ

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੂੰ ਧਮਕੀ

0

ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੂੰ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਦਾਕਾਰ ਨੂੰ ਇੱਕ ਆਡੀਓ ਮੈਸੇਜ ਭੇਜਿਆ ਗਿਆ, ਜਿਸ ਵਿੱਚ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਖ਼ੁਦ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਦਿਆਂ ਕਰੋੜਾਂ ਰੁਪਏ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਹੁਣ ਤੱਕ ਇਸ ਸਬੰਧੀ ਐੱਫ.ਆਈ.ਆਰ ਦਰਜ ਨਹੀਂ ਕੀਤੀ ਗਈ।

ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਧਮਕੀ ਭਰੇ ਆਡੀਓ ਵਿੱਚ ਇੱਕ ਵਿਅਕਤੀ ਨੇ ਆਪਣਾ ਸਬੰਧ ਲਾਰੈਂਸ ਗੈਂਗ ਨਾਲ ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰ ਤੋਂ ਵੱਡੀ ਰਕਮ ਦੀ ਮੰਗ ਵੀ ਕੀਤੀ ਗਈ ਹੈ।

ਪੁਲਿਸ ਹੁਣ ਆਡੀਓ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਂਚ ਟੀਮਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਮੈਸੇਜ ਭੇਜਣ ਵਾਲਾ ਅਸਲ ਵਿੱਚ ਕਿਸੇ ਅਪਰਾਧਿਕ ਗਿਰੋਹ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਗੈਂਗ ਦਾ ਨਾਂ ਵਰਤ ਕੇ ਅਦਾਕਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਡੀਓ ਵਿੱਚ ਦੱਸੇ ਗਏ ਵਿਅਕਤੀ ਦੀ ਆਵਾਜ਼ ਦਾ ਪੁਲਿਸ ਰਿਕਾਰਡ ਵਿੱਚ ਮੌਜੂਦ ਆਵਾਜ਼ਾਂ ਨਾਲ ਵੀ ਮਿਲਾਨ ਕੀਤਾ ਜਾ ਰਿਹਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁੱਡ ਅਦਾਕਾਰ ਨੂੰ ਗੈਂਗ ਦੇ ਨਾਂ ’ਤੇ ਧਮਕੀ ਮਿਲੀ ਹੋਵੇ। ਕੁਝ ਦਿਨ ਪਹਿਲਾਂ ਅਦਾਕਾਰ ਤੁਸ਼ਾਰ ਕਪੂਰ ਨੂੰ ਵੀ ਇਸੇ ਤਰ੍ਹਾਂ ਦਾ ਆਡੀਓ ਮੈਸੇਜ ਮਿਲਿਆ ਸੀ। ਉਸ ਮਾਮਲੇ ਵਿੱਚ ਮੈਸੇਜ ਭੇਜਣ ਵਾਲੇ ਨੇ ਖ਼ੁਦ ਨੂੰ ਹੈਰੀ ਬਾਕਸਰ ਦੱਸਿਆ ਸੀ। ਹਾਲਾਂਕਿ, ਪੁਲਿਸ ਦੀ ਮੁੱਢਲੀ ਜਾਂਚ ਵਿੱਚ ਉਸ ਆਡੀਓ ਦੇ ਫਰਜ਼ੀ ਹੋਣ ਦਾ ਸ਼ੱਕ ਜਤਾਇਆ ਗਿਆ ਸੀ।

ਇਸ ਤੋਂ ਇਲਾਵਾ ਅਦਾਕਾਰ ਟਾਈਗਰ ਸ਼ਰਾਫ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਾਰੈਂਸ ਗੈਂਗ ਵੱਲੋਂ ਲੈਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਹੁਣ ਤੱਕ 13 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਉੱਥੇ ਹੀ, ਇੱਕ ਈ-ਮੇਲ ਰਾਹੀਂ ਅਦਾਕਾਰ ਅਮਿਤਾਭ ਬੱਚਨ ਅਤੇ ਗਾਇਕ ਦਿਲਜੀਤ ਦੋਸਾਂਝ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਅਮਿਤਾਭ ਬੱਚਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।

ਆਯੁਸ਼ਮਾਨ ਖੁਰਾਨਾ ਨੂੰ ਮਿਲੇ ਧਮਕੀ ਭਰੇ ਮੈਸੇਜ ਦੀ ਜਾਂਚ ਦੌਰਾਨ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਸ ਪਿੱਛੇ ਕਿਸੇ ਸੰਗਠਿਤ ਗਿਰੋਹ ਦਾ ਹੱਥ ਹੈ ਜਾਂ ਕੋਈ ਵਿਅਕਤੀ ਵੱਖ-ਵੱਖ ਗੈਂਗਾਂ ਦੇ ਨਾਂ ਵਰਤ ਕੇ ਅਜਿਹੀਆਂ ਧਮਕੀਆਂ ਦੇ ਰਿਹਾ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਹੋਣ ਦੀ ਪੁਸ਼ਟੀ ਨਹੀਂ ਹੋਈ।

ਕੰਮ ਦੀ ਗੱਲ ਕਰੀਏ ਤਾਂ ਆਯੁਸ਼ਮਾਨ ਖੁਰਾਨਾ ਆਖਰੀ ਵਾਰ ਸਾਰਾ ਅਲੀ ਖਾਨ ਨਾਲ ਫਿਲਮ ‘ਉੜਤਾ ਤੀਰ’ ਵਿੱਚ ਨਜ਼ਰ ਆਏ ਸਨ। ਇਹ ਇੱਕ ਕਾਮੇਡੀ-ਡਰਾਮਾ ਫਿਲਮ ਸੀ, ਜਿਸ ਵਿੱਚ ਉਨ੍ਹਾਂ ਨੇ ਇੱਕ ਪਾਕਿਸਤਾਨੀ ਏਜੰਟ ਦਾ ਕਿਰਦਾਰ ਨਿਭਾਇਆ ਸੀ, ਜਿਸ ਦੀ ਯਾਦਦਾਸ਼ਤ ਚਲੀ ਜਾਂਦੀ ਹੈ। ਫਿਲਮ ਵਿੱਚ ਉਨ੍ਹਾਂ ਦੇ ਕੰਮ ਦੀ ਤਾਰੀਫ਼ ਵੀ ਹੋਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version