ਪੰਜਾਬ : ਜਿਲ੍ਹਾ ਲੁਧਿਆਣਾ ‘ਚ ਪੰਜਾਬੀ ਗਾਇਕ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਦਿਹਾਤੀ ਖੇਤਰ ਦੇ ਥਾਣਾ ਸੁਧਾਰ ਦੇ ਪਿੰਡ ਸੁਧਾਰ ਪੱਤੀ ਧਾਲੀਵਾਲ ‘ਚ ਗਾਇਕ ਬਲਜੀਤ ਸਿੰਘ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਬਲਜੀਤ ਸਿੰਘ ਗਾਇਕ ਹੋਣ ਤੋਂ ਇਲਾਵਾ ਗੀਤ ਵੀ ਲਿਖਦੇ ਸਨ।
ਜਾਣਕਾਰੀ ਮੁਤਾਬਕ ਗਾਇਕ ਬਲਜੀਤ ਸਿੰਘ ਦੀ ਲਾਸ਼ ਘਰ ਦੇ ਅੰਦਰ ਬੈੱਡ ‘ਤੇ ਪਈ ਮਿਲੀ, ਜਿਸ ਵਿੱਚੋਂ ਬਦਬੂ ਆ ਰਹੀ ਸੀ। ਬੀਤੇ ਦਿਨ ਜਦੋਂ ਬਦਬੂ ਵਧੀ ਤਾਂ ਆਸ-ਪਾਸ ਦੇ ਲੋਕਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸੁਧਾਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਦਾ ਨਜ਼ਾਰਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਗਾਇਕ ਬਲਜੀਤ ਸਿੰਘ ਦੀ ਲਾਸ਼ ਘਰ ਦੇ ਅੰਦਰ ਬੈੱਡ ‘ਤੇ ਪਈ ਮਿਲੀ।
ਲੋਕਾਂ ਦਾ ਕਹਿਣਾ ਹੈ ਕਿ ਬਲਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਨਜ਼ਰ ਨਹੀਂ ਆ ਰਹੇ ਸਨ। ਮੁੱਢਲੀ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕਰੀਬ 4-5 ਦਿਨ ਪਹਿਲਾਂ ਹੋਈ ਹੋ ਸਕਦੀ ਹੈ, ਕਿਉਂਕਿ ਲਾਸ਼ ਸੜਨ ਲੱਗ ਪਈ ਸੀ। ਪੁਲਿਸ ਨੂੰ ਲਾਸ਼ ਦੇ ਕੋਲ ਸੁੱਕਿਆ ਹੋਇਆ ਖੂਨ ਵੀ ਮਿਲਿਆ ਹੈ। ਹਾਲਾਂਕਿ ਕਿਨ੍ਹਾਂ ਹਾਲਾਤਾਂ ‘ਚ ਉਥੇ ਖੂਨ ਆਇਆ ਅਤੇ ਬਲਜੀਤ ਸਿੰਘ ਦੀ ਮੌਤ ਕਿਵੇਂ ਹੋਈ, ਇਸ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਜਿਸ ਦੇ ਜ਼ਰੀਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਦਿਨੀਂ ਬਲਜੀਤ ਸਿੰਘ ਦੇ ਘਰ ਦੇ ਨੇੜੇ ਕਿਹੜੇ-ਕਿਹੜੇ ਲੋਕ ਆਏ ਸਨ। ਪੁਲਿਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਕਰ ਰਹੀ ਹੈ।
