Home ਸੰਸਾਰ ਡਰੱਗ ਮਾਫੀਆ ਦੇ ਸਰਗਨਾ ਦੀ ਗ੍ਰਿਫ਼ਤਾਰੀ ਮਗਰੋਂ ਖ਼ੂਨੀ ਹਿੰਸਾ, 11 ਦੀ ਮੌਤ

ਡਰੱਗ ਮਾਫੀਆ ਦੇ ਸਰਗਨਾ ਦੀ ਗ੍ਰਿਫ਼ਤਾਰੀ ਮਗਰੋਂ ਖ਼ੂਨੀ ਹਿੰਸਾ, 11 ਦੀ ਮੌਤ

0

ਮੈਕਸੀਕੋ ਸਿਟੀ: ਮੈਕਸੀਕੋ ਵਿੱਚ ਇੱਕ ਵੱਡੇ ਡਰੱਗ ਕਾਰਟੈਲ ਦੇ ਮੁਖੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਿੰਸਾ ਭੜਕ ਗਈ ਹੈ। ਸਿਨਾਲੋਆ ਸੂਬੇ ਦੇ ਗੁਆਸਾਵੇ ਸ਼ਹਿਰ ਵਿੱਚ ਸੁਰੱਖਿਆ ਬਲਾਂ ਅਤੇ ਹਥਿਆਰਬੰਦ ਗਿਰੋਹ ਦੇ ਮੈਂਬਰਾਂ ਵਿਚਕਾਰ ਭਿਆਨਕ ਮੁਕਾਬਲਾ ਹੋਇਆ। ਇਸ ਗੋਲੀਬਾਰੀ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਮੈਕਸੀਕਨ ਫੌਜ ਦੇ 4 ਜਵਾਨ ਅਤੇ 7 ਸ਼ੱਕੀ ਕਾਰਟੈਲ ਮੈਂਬਰ ਸ਼ਾਮਲ ਹਨ।

ਜਾਣਕਾਰੀ ਮੁਤਾਬਕ, ਇਹ ਹਿੰਸਾ ਬਦਨਾਮ ਡਰੱਗ ਮਾਫੀਆ ਸਰਗਨਾ ਫੌਸਟੋ ਇਸਿਦਰੋ ਮੇਜ਼ਾ ਫਲੋਰੇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਈ। ਉਸ ਨੂੰ ‘ਐੱਲ ਚਾਪੋ ਇਸਿਦਰੋ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅਮਰੀਕਾ ਦੀ ਜਾਂਚ ਏਜੰਸੀ FBI ਦੇ ਸਭ ਤੋਂ ਵੱਧ ਲੋੜੀਂਦੇ 10 ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਸੀ।

ਦੱਸਿਆ ਜਾ ਰਿਹਾ ਹੈ ਕਿ ਮੈਕਸੀਕਨ ਸੁਰੱਖਿਆ ਬਲਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਹ ਗੁਪਤ ਆਪ੍ਰੇਸ਼ਨ ਚਲਾਇਆ। ਅਮਰੀਕਾ ਵੱਲੋਂ ਇਸ ਮਾਫੀਆ ਸਰਗਨਾ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 5 ਮਿਲੀਅਨ ਡਾਲਰ, ਯਾਨੀ ਕਰੀਬ 41 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ।

ਸਥਾਨਕ ਲੋਕਾਂ ਮੁਤਾਬਕ, ਬੀਤੀਂ ਸ਼ਾਮ ਕਰੀਬ 7 ਵਜੇ ਗੁਆਸਾਵੇ ਸ਼ਹਿਰ ਵਿੱਚ ਗੋਲੀਬਾਰੀ ਸ਼ੁਰੂ ਹੋਈ। ਹਿੰਸਕ ਹਮਲਿਆਂ ਨੂੰ ਕਾਬੂ ਕਰਨ ਲਈ ਫੌਜੀ ਹੈਲੀਕਾਪਟਰਾਂ ਅਤੇ ਡਰੋਨਾਂ ਦੀ ਮਦਦ ਲਈ ਗਈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਗੋਲੀਬਾਰੀ ਦੀਆਂ ਆਵਾਜ਼ਾਂ ਸੁਣ ਕੇ ਬੇਸਬਾਲ ਮੈਚ ਦੇਖ ਰਹੇ ਲੋਕਾਂ ਨੂੰ ਭੱਜਦੇ ਦੇਖਿਆ ਜਾ ਸਕਦਾ ਹੈ।

ਹਿੰਸਾ ਦੌਰਾਨ ਕਾਰਟੈਲ ਦੇ ਮੈਂਬਰਾਂ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ 10 ਤੋਂ ਵੱਧ ਸੜਕਾਂ ਨੂੰ ਬੰਦ ਕਰ ਦਿੱਤਾ। ਇਸ ਕਾਰਨ ਸੁਰੱਖਿਆ ਬਲਾਂ ਨੂੰ ਮਾਫੀਆ ਆਗੂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਿਪੋਰਟ ਮੁਤਾਬਕ, ਇਹ ਕਾਰਵਾਈ ਸਵੇਰੇ ਕਰੀਬ 4 ਵਜੇ ਜਾ ਕੇ ਮੁਕੰਮਲ ਹੋਈ।

ਫੌਸਟੋ ਇਸਿਦਰੋ ਮੇਜ਼ਾ ਫਲੋਰੇਸ ‘ਮੇਜ਼ਾ-ਫਲੋਰੇਸ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ’ ਦਾ ਮੁਖੀ ਸੀ। ਉਹ ਪਹਿਲਾਂ ਬੇਲਤ੍ਰਾਨ ਲੇਵਾ ਕਾਰਟੈਲ ਦੀ ਅਗਵਾਈ ਵੀ ਕਰ ਚੁੱਕਾ ਸੀ ਅਤੇ ਸਿਨਾਲੋਆ ਕਾਰਟੈਲ ਦੇ ‘ਲੋਸ ਮਾਯੋਸ’ ਧੜੇ ਦਾ ਅਹਿਮ ਸਹਿਯੋਗੀ ਮੰਨਿਆ ਜਾਂਦਾ ਸੀ।

ਅਮਰੀਕੀ ਸੁਰੱਖਿਆ ਏਜੰਸੀਆਂ ਮੁਤਾਬਕ, ਉਹ ਨਸ਼ੀਲੇ ਪਦਾਰਥਾਂ ਦੀ ਵੱਡੇ ਪੱਧਰ ‘ਤੇ ਤਸਕਰੀ ਅਤੇ ਹਥਿਆਰਾਂ ਦੀ ਗੈਰ-ਕਾਨੂੰਨੀ ਢੋਆ-ਢੁਆਈ ਨਾਲ ਜੁੜੇ ਮਾਮਲਿਆਂ ਵਿੱਚ ਲੰਬੇ ਸਮੇਂ ਤੋਂ ਲੋੜੀਂਦਾ ਸੀ।

ਇਸ ਗ੍ਰਿਫ਼ਤਾਰੀ ਨੂੰ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਦੀ ਸਰਕਾਰ ਵੱਲੋਂ ਸੰਗਠਿਤ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਖੁਫੀਆ ਜਾਣਕਾਰੀ ਦੇ ਆਦਾਨ-ਪ੍ਰਦਾਨ ਰਾਹੀਂ ਇਹ ਕਾਰਵਾਈ ਕੀਤੀ ਗਈ।

ਉੱਧਰ, ਮੈਕਸੀਕੋ ਦੇ ਸੁਰੱਖਿਆ ਸਕੱਤਰ ਓਮਾਰ ਗਾਰਸੀਆ ਹਾਰਫੁਚ ਨੇ ਕਿਹਾ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਸਿਨਾਲੋਆ ਸੂਬੇ ਵਿੱਚ ਫੌਜ ਅਤੇ ਨੈਸ਼ਨਲ ਗਾਰਡ ਦੀ ਤਾਇਨਾਤੀ ਜਾਰੀ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version