ਸ੍ਰੀ ਆਨੰਦਪੁਰ ਸਾਹਿਬ: ਬੀਤੀ ਦੇਰ ਸ਼ਾਮ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਡਿਊਟੀ ‘ਤੇ ਤਾਇਨਾਤ ਸੇਵਾਦਾਰਾਂ ‘ਤੇ ਸਰਾਏ ਦੇ ਇੱਕ ਕਮਰੇ ‘ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਦੋ ਸੇਵਾਦਾਰ ਲਹੂ-ਲੁਹਾਨ ਹੋ ਗਏ। ਇਸ ਦੇ ਨਾਲ ਹੀ , ਹਮਲਾਵਰ ਸੇਵਾਦਾਰਾਂ ਨੂੰ ਕਾਰ ਵਿੱਚ ਸੁੱਟ ਕੇ ਆਪਣੇ ਨਾਲ ਲੈ ਗਏ ,ਜਿੰਨਾਂ ਨੂੰ ਸਥਾਨਕ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਲੱਭ ਕੇ ਬਚਾ ਲਿਆ ਅਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ।
ਇਸ ਸਬੰਧੀ ਸਥਾਨਕ ਪੁਲਿਸ ਸਟੇਸ਼ਨ ਦੇ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਪੁੱਤਰ ਸੁਖਜੀਤ ਸਿੰਘ, ਪਿੰਡ ਰੱਤਾ ਖੇੜਾ, ਥਾਣਾ ਲਾਧੂਵਾਲਾ, ਜ਼ਿਲ੍ਹਾ ਫਾਜ਼ਿਲਕਾ, ਜੋ ਹਮਲੇ ਵਿੱਚ ਜ਼ਖਮੀ ਹੋਇਆ ਸੀ, ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ ਬੀਤੀ ਸ਼ਾਮ 7 ਵਜੇ ਦੇ ਕਰੀਬ ਆਪਣੇ ਦੂਜੇ ਸੇਵਾਦਾਰ ਗੁਰਸੇਵਕ ਸਿੰਘ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਡਿਊਟੀ ‘ਤੇ ਸੀ।
ਉਸਨੇ ਅੱਗੇ ਦੱਸਿਆ ਕਿ ਯਾਤਰੀ ਨਿਵਾਸ ਵਿੱਚ ਕਮਰਾ ਲੈਣ ਲਈ ਹਰੀ ਸਿੰਘ , ਵਾਸੀ ਮਰੀਆਵਾਲਾ , ਜ਼ਿਲ੍ਹਾ ਗੁਰਦਾਸਪੁਰ ਅਤੇ ਇੱਕ ਅਣਪਛਾਤੀ ਔਰਤ ਯਾਤਰੀ ਨਿਵਾਸ ਵਿੱਚ ਆਏ ਅਤੇ ਕਮਰਾ ਮੰਗਿਆ । ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਚੌਥੀ ਮੰਜ਼ਿਲ ‘ਤੇ ਕਮਰਾ ਦੇ ਦੇਵਾਂਗਾ ਅਤੇ ਤੁਸੀਂ ਆਪਣਾ ਪਹਿਚਾਣ ਪੱਤਰ ਮੈਨੂੰ ਜਮ੍ਹਾਂ ਕਰਵਾ ਦਿਓ , ਤਾਂ ਇਹ ਸੁਣ ਉਹ ਵਿਅਕਤੀ ਤੁਰੰਤ ਗੁੱਸੇ ਵਿੱਚ ਆ ਗਿਆ ਅਤੇ ਮੈਨੂੰ ਗਾਲ੍ਹਾਂ ਕੱਢਣ ਲੱਗ ਪਿਆ।
ਜਦੋਂ ਮੈਂ ਉਸਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ, ਤਾਂ ਉਸਨੇ ਮੈਨੂੰ ਬੇਸਬਾਲ ਬੈਟ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਭੱਜ ਗਿਆ ਅਤੇ ਜਾਂਦੇ-ਜਾਂਦੇ ਉਸਨੇ ਮੈਨੂੰ ਧਮਕੀ ਦਿੱਤੀ ਕਿ ਮੈਂ ਆਪਣੇ ਸਾਥਿਆਂ ਨੂੰ ਫਿਰ ਨਾਲ ਲੈ ਕੇ ਆਵਾਂਗਾ ।ਥੋੜ੍ਹੀ ਦੇਰ ਬਾਅਦ , ਹਮਲਾਵਰ ਹਰੀ ਸਿੰਘ ਆਪਣੇ ਪੁੱਤਰ ਅਤੇ ਲਗਭਗ 15-20 ਨਿਹੰਗ ਸਿੰਘਾਂ ਨਾਲ ਯਾਤਰੀ ਨਿਵਾਸ ਵਿੱਚ ਵਾਪਸ ਆ ਗਿਆ । ਜਿਵੇਂ ਹੀ ਉਹ ਆਇਆ ਉਸਨੇ ਮੈਨੂੰ ਬੇਸਬਾਲ ਬੈਟ ,ਤਲਵਾਰਾਂ ਅਤੇ ਗੰਡਾਸਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਯਾਤਰੀ ਨਿਵਾਸ ਵਿੱਚ ਕਾਊਂਟਰ ਤੋੜ ਦਿੱਤਾ ਅਤੇ ਨਕਦੀ, ਮੋਬਾਈਲ ਫੋਨ ਅਤੇ ਮੋਟਰਸਾਈਕਲ ਦੀਆਂ ਚਾਬੀਆਂ ਲੈ ਲਈਆਂ। ਜਾਂਦੇ ਸਮੇਂ, ਉਨ੍ਹਾਂ ਨੇ ਮੈਨੂੰ ਅਤੇ ਗੁਰਸੇਵਕ ਸਿੰਘ ਨੂੰ ਆਪਣੀ ਕਾਰ ਵਿੱਚ ਜ਼ਬਰਦਸਤੀ ਅਗਵਾ ਕਰ ਲਿਆ, ਸਾਨੂੰ ਆਪਣੇ ਕੈਂਪ ਵਿੱਚ ਲੈ ਗਏ ਅਤੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਸੁਣ ਕੇ, ਪੁਲਿਸ ਅਧਿਕਾਰੀ ਨਿਹੰਗ ਕੈਂਪ ਵਿੱਚ ਆਏ ਅਤੇ ਸਾਨੂੰ ਹਮਲਾਵਰਾਂ ਤੋਂ ਛੁਡਾਇਆ ਅਤੇ ਸਾਨੂੰ ਸਿਵਲ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਵਿੱਚ ਦਾਖਲ ਕਰਵਾਇਆ, ਜਿੱਥੇ ਸਾਡਾ ਇਲਾਜ ਚੱਲ ਰਿਹਾ ਹੈ।
ਥਾਣਾ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਜ਼ਖਮੀ ਵਲੰਟੀਅਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹਰੀ ਸਿੰਘ, ਉਨ੍ਹਾਂ ਦੇ ਪੁੱਤਰ ਸਾਹਿਬ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ 15-20 ਹੋਰ ਅਣਪਛਾਤੇ ਨਿਹੰਗਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
