HomePunjabਭਾਜਪਾ ਦੇ ਹੱਥ ਲੱਗਿਆ ਵੱਡਾ ਬ੍ਰਹਮ ਅਸਤਰ

ਭਾਜਪਾ ਦੇ ਹੱਥ ਲੱਗਿਆ ਵੱਡਾ ਬ੍ਰਹਮ ਅਸਤਰ

ਜਲੰਧਰ: ਸਾਰੀਆਂ ਸਿਆਸੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ (Lok Sabha elections) ਦੀ ਤਿਆਰੀ ਕਰ ਰਹੀਆਂ ਹਨ, ਉਥੇ ਹੀ ਭਾਜਪਾ ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਹੈ। ਹੁਣ ਤੱਕ ਭਾਰਤੀ ਜਨਤਾ ਪਾਰਟੀ 2024 ਦੀਆਂ ਚੋਣਾਂ ਵਿੱਚ ਰਾਮ ਲੱਲਾ ਦੀ ਮਦਦ ਨਾਲ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹੁਣ ਭਾਜਪਾ ਨੂੰ ਵੀ ਮਹਾਦੇਵ ਦਾ ਆਸ਼ੀਰਵਾਦ ਮਿਲ ਗਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਬਰਕਤ ਕਿਵੇਂ ਮਿਲੀ।

ਦਰਅਸਲ, ਜਿੱਥੇ ਭਾਜਪਾ ਰਾਮ ਲੱਲਾ ਮੰਦਿਰ ਦੇ ਉਦਘਾਟਨ ਦੀਆਂ ਤਿਆਰੀਆਂ ਵਿੱਚ ਲੱਗੀ ਹੋਈ ਹੈ, ਉੱਥੇ ਹੀ ਵਿਰੋਧੀ ਧਿਰ ਨੂੰ ਹਰਾਉਣ ਲਈ ਭਾਜਪਾ ਦੇ ਹੱਥਾਂ ਵਿੱਚ ਇੱਕ ਵੱਡਾ ਹਥਿਆਰ ਆ ਗਿਆ ਹੈ ਅਤੇ ਉਹ ਹੈ ਮਹਾਦੇਵ ਐਪ ਦਾ ਘੁਟਾਲਾ। ਛੱਤੀਸਗੜ੍ਹ ਅਤੇ ਮੁੰਬਈ ‘ਚ ਕਰੀਬ 15000 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਦਰਜ ਹਨ ਅਤੇ ਹੁਣ ਤੱਕ ਇਸ ਮਾਮਲੇ ‘ਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹਾਲ ਹੀ ‘ਚ ਮਹਾਦੇਵ ਬੈਟਿੰਗ ਐਪ ਦੇ ਮੁਖੀ ਰਵੀ ਉੱਪਲ ਨੂੰ ਦੁਬਈ ’ਚ ਪੁਲਿਸ ਨੇ ਹਿਰਾਸਤ ਵਿਚ ਲਿਆ ਸੀ ਅਤੇ ਈ. ਡੀ. ਉਸ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ’ਚ ਜੁਟ ਗਈ ਹੈ।

ਮਹਾਦੇਵ ਐਪ ਦੇ ਮਾਧਿਅਮ ਰਾਹੀਂ ਨਿਸ਼ਾਨੇ ’ਤੇ ਕਾਂਗਰਸ
ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਚਲਾ ਰਹੀ ਹੈ ਅਤੇ 2024 ’ਚ ਪਾਰਟੀ ਮੁੜ ਸੱਤਾ ’ਚ ਆਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੈ। ਪਾਰਟੀ ਜਿੱਥੇ ਆਪਣੇ ਪੱਖ ’ਚ ਵੋਟ ਕਰਵਾਉਣ ਲਈ ਰਾਮਲੱਲਾ ਦਾ ਸਹਾਰਾ ਲੈ ਰਹੀ ਹੈ, ਉੱਥੇ ਹੀ ਹੁਣ ਮਹਾਦੇਵ ਐਪ ਦਾ ਉਸ ਨੂੰ ਸਹਾਰਾ ਮਿਲ ਗਿਆ ਹੈ। ਇਸ ਐਪ ਦੇ ਮਾਧਿਅਮ ਰਾਹੀਂ ਵਿਰੋਧੀ ਧਿਰ ਖਾਸ ਤੌਰ ’ਤੇ ਕਾਂਗਰਸ ਨੂੰ ਘੇਰਨਾ ਉਸ ਦੇ ਲਈ ਆਸਾਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਜਿਹੇ ਇਕ ਸਭਾ ਦੌਰਾਨ ਮਹਾਦੇਵ ਐਪ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਨੇ ਤਾਂ ਮਹਾਦੇਵ ਨੂੰ ਵੀ ਨਹੀਂ ਛੱਡਿਆ। ਉਨ੍ਹਾਂ ਦਾ ਇਸ਼ਾਰਾ ਕਾਂਗਰਸ ਵੱਲ ਸੀ ਕਿਉਂਕਿ ਕਾਂਗਰਸ ਦੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ’ਤੇ ਮਹਾਦੇਵ ਬੈਟਿੰਗ ਐਪ ਦੇ ਪ੍ਰਮੋਟਰਾਂ ਤੋਂ ਕਥਿਤ ਤੌਰ ’ਤੇ 508 ਕਰੋੜ ਰੁਪਏ ਲੈਣ ਦਾ ਦੋਸ਼ ਹੈ।

ਅਗਲਾ ਨਿਸ਼ਾਨਾ ਸੌਰਵ ਚੰਦਰਾਕਰ
ਦੁਬਈ ’ਚ ਰਵੀ ਉੱਪਲ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਹੁਣ ਉਸ ਦਾ ਪ੍ਰਮੁੱਖ ਹਿੱਸੇਦਾਰ ਸੌਰਵ ਚੰਦਰਾਕਰ ਅਗਲਾ ਨਿਸ਼ਾਨਾ ਹੋ ਸਕਦਾ ਹੈ। 28 ਸਾਲਾ ਚੰਦਰਾਕਰ ਪਹਿਲਾਂ ਦੁਬਈ ਵਿਚ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਆਪਣੇ ਟਿਕਾਣੇ ਲਗਾਤਾਰ ਬਦਲ ਰਿਹਾ ਹੈ। ਈ. ਡੀ. ਨੂੰ ਮਿਲੀ ਜਾਣਕਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਮਹਾਦੇਵ ਐਪ ਨਾਲ ਜੁੜਿਆ ਸੌਰਵ ਚੰਦਰਾਕਰ ਦੁਬਈ ਤੋਂ ਬਾਅਦ ਸ਼੍ਰੀਲੰਕਾ, ਆਸਟ੍ਰੇਲੀਆ, ਲੰਡਨ ਤੇ ਕੈਰੇਬੀਅਨ ’ਚ ਵੀ ਗਿਆ ਹੈ। ਸੂਤਰ ਦੱਸਦੇ ਹਨ ਕਿ ਫਿਲਹਾਲ ਸੌਰਵ ਚੰਦਰਾਕਰ ਬਾਰੇ ਪੁਖਤਾ ਜਾਣਕਾਰੀ ਨਹੀਂ ਮਿਲੀ ਪਰ ਉਸ ਦੇ ਇੰਗਲੈਂਡ ’ਚ ਹੋਣ ਦੀ ਸੰਭਾਵਨਾ ਹੈ।

70:30 ਦੇ ਪ੍ਰੋਫਿਟ ਸ਼ੇਅਰਿੰਗ ਦੇ ਨਾਲ ਬਣਾਏ ਜਾਂਦੇ ਸਨ ਫ੍ਰੈਂਚਾਇਜ਼ੀ
ਪਤਾ ਲੱਗਾ ਹੈ ਕਿ ਸੱਟੇਬਾਜ਼ੀ ਐਪ ਮਹਾਦੇਵ ’ਚ ਆਨਲਾਈਨ ਬੁੱਕ ਦਾ ਕੰਮ ਰਵੀ ਤੇ ਸੌਰਵ ਨੇ ਮਿਲ ਕੇ ਸ਼ੁਰੂ ਕੀਤਾ ਸੀ ਪਰ ਬਾਅਦ ’ਚ ਇਸ ਨਾਲ ਕਈ ਹੋਰ ਲੋਕ ਵੀ ਜੁੜ ਗਏ। ਖਬਰ ਅਨੁਸਾਰ ਰਵੀ ਤੇ ਸੌਰਵ ਨੇ ਇਸ ਐਪ ਨੂੰ ਅੱਗੇ ਵਧਾਉਣ ਲਈ ਅੱਗੇ ਫ੍ਰੈਂਚਾਇਜ਼ੀ ਦਿੱਤੀ ਹੋਈ ਸੀ, ਜਿਸ ਵਿਚ ਪ੍ਰੋਫਿਟ ਸ਼ੇਅਰਿੰਗ 70:30 ਹੁੰਦੀ ਸੀ। ਇਸ ਦੇ ਤਹਿਤ ਜੋ ਵੀ ਫ੍ਰੈਂਚਾਇਜ਼ੀ ਬਣਾਇਆ ਜਾਂਦਾ ਸੀ, ਉਸ ਨੂੰ ਬਾਕਾਇਦਾ ਇਕ ਪੈਨਲ ਦਿੱਤਾ ਜਾਂਦਾ ਅਤੇ ਪੈਨਲ ਦੇ ਮਾਧਿਅਮ ਰਾਹੀਂ ਉਹ ਮਹਾਦੇਵ ਬੁੱਕ ਨੂੰ ਚਲਾਉਂਦਾ ਸੀ। ਇਸ ਬੁੱਕ ਵਿਚ ਲੱਗਣ ਵਾਲੇ ਸਾਰੇ ਪੈਸਿਆਂ ਲਈ ਪੈਨਲ ਆਪ੍ਰੇਟਰ ਹੀ ਜ਼ਿੰਮੇਵਾਰ ਹੁੰਦਾ ਸੀ। ਉਸੇ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਬੁੱਕ ਵਿਚ ਲੱਗੀ ਪੂਰੀ ਰਕਮ ਮਾਲਕਾਂ ਨੂੰ ਦੇਵੇ, ਜਿਸ ਦੇ ਲਈ ਵੱਖ-ਵੱਖ ਯੂਜ਼ਰ ਆਈ. ਡੀਜ਼ ਵੀ ਬਣਾ ਕੇ ਦਿੱਤੀਆਂ ਜਾਂਦੀਆਂ ਸਨ। ਇਹ ਸਾਰੀਆਂ ਗੱਲਾਂ ਈ. ਡੀ. ਵਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਸ਼ਾਮਲ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments