ਨਵੀਂ ਦਿੱਲੀ: IPL 2027 ਤੋਂ ਪਹਿਲਾਂ ਕ੍ਰਿਕਟ ਜਗਤ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਈ ਵੱਡੀ ਟ੍ਰੇਡ ਡੀਲ ਤਹਿਤ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਹੁਣ ਪੰਜਾਬ ਕਿੰਗਜ਼ ਦੀ ਟੀਮ ਵਿੱਚ ਖੇਡਦੇ ਨਜ਼ਰ ਆਉਣਗੇ, ਜਦਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋ ਗਏ ਹਨ। IPL ਵੱਲੋਂ 11 ਨਵੰਬਰ ਨੂੰ ਇਸ ਟ੍ਰੇਡ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਹੈ।
ਇਸ ਟ੍ਰੇਡ ਤਹਿਤ ਦੋਵਾਂ ਟੀਮਾਂ ਨੇ ਇੱਕ-ਇੱਕ ਖਿਡਾਰੀ ਦੀ ਅਦਲਾ-ਬਦਲੀ ਕੀਤੀ ਹੈ। ਹਾਰਦਿਕ ਪੰਡਯਾ ਨੂੰ ਮੁੰਬਈ ਇੰਡੀਅਨਜ਼ ਵਿੱਚ 16.35 ਕਰੋੜ ਰੁਪਏ ਮਿਲ ਰਹੇ ਸਨ, ਪਰ ਪੰਜਾਬ ਕਿੰਗਜ਼ ਵਿੱਚ ਜਾਣ ਤੋਂ ਬਾਅਦ ਉਨ੍ਹਾਂ ਦੀ ਫੀਸ ਵਧ ਕੇ 18 ਕਰੋੜ ਰੁਪਏ ਹੋ ਗਈ ਹੈ।
ਦੂਜੇ ਪਾਸੇ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵਿੱਚ ਆਪਣੇ ਮੌਜੂਦਾ 18 ਕਰੋੜ ਰੁਪਏ ਦੇ ਕਰਾਰ ਨਾਲ ਹੀ ਸ਼ਾਮਲ ਹੋਣਗੇ।
ਹਾਰਦਿਕ ਪੰਡਯਾ ਨੇ ਆਪਣੇ IPL ਕਰੀਅਰ ਦੀ ਸ਼ੁਰੂਆਤ ਸਾਲ 2015 ਵਿੱਚ ਮੁੰਬਈ ਇੰਡੀਅਨਜ਼ ਨਾਲ ਕੀਤੀ ਸੀ। ਉਹ ਕਈ ਸਾਲ ਇਸ ਟੀਮ ਦਾ ਹਿੱਸਾ ਰਹੇ ਅਤੇ ਫਿਰ 2022 ਦੇ ਸੀਜ਼ਨ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਵਿੱਚ ਸ਼ਾਮਲ ਹੋ ਗਏ।
ਗੁਜਰਾਤ ਦੀ ਕਪਤਾਨੀ ਕਰਦਿਆਂ ਹਾਰਦਿਕ ਨੇ ਆਪਣੀ ਪਹਿਲੀ ਹੀ IPL ਮੁਹਿੰਮ ਵਿੱਚ ਟੀਮ ਨੂੰ ਖ਼ਿਤਾਬ ਦਿਵਾਇਆ। ਇਸ ਤੋਂ ਬਾਅਦ 2023 ਵਿੱਚ ਵੀ ਗੁਜਰਾਤ ਦੀ ਟੀਮ ਫਾਈਨਲ ਤੱਕ ਪਹੁੰਚੀ। ਸਾਲ 2024 ਵਿੱਚ ਹਾਰਦਿਕ ਮੁੜ ਮੁੰਬਈ ਇੰਡੀਅਨਜ਼ ਵਿੱਚ ਆ ਗਏ ਅਤੇ ਰੋਹਿਤ ਸ਼ਰਮਾ ਦੀ ਜਗ੍ਹਾ ਟੀਮ ਦੀ ਕਪਤਾਨੀ ਸੰਭਾਲੀ। ਹੁਣ ਦੂਜੀ ਵਾਰ ਉਨ੍ਹਾਂ ਦਾ ਮੁੰਬਈ ਨਾਲ ਸਾਥ ਖ਼ਤਮ ਹੋ ਗਿਆ ਹੈ।
ਦੂਜੇ ਪਾਸੇ ਅਰਸ਼ਦੀਪ ਸਿੰਘ ਸਾਲ 2019 ਵਿੱਚ ਪੰਜਾਬ ਕਿੰਗਜ਼ ਨਾਲ ਜੁੜੇ ਸਨ। ਉਹ ਲਗਾਤਾਰ ਅੱਠ ਸੀਜ਼ਨ ਇਸ ਫ੍ਰੈਂਚਾਇਜ਼ੀ ਲਈ ਖੇਡੇ। ਉਨ੍ਹਾਂ ਨੇ ਪੰਜਾਬ ਵੱਲੋਂ 96 ਮੈਚਾਂ ਵਿੱਚ 111 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਹ ਟੀਮ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਹੁਣ ਉਹ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਦੇਣਗੇ।
ਇਸ ਵੱਡੀ ਟ੍ਰੇਡ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਦੀ ਕਪਤਾਨੀ ਵੀ ਸੰਭਾਲਣਗੇ ਜਾਂ ਫਿਰ ਸ਼੍ਰੇਅਸ ਅਈਅਰ ਦੀ ਅਗਵਾਈ ਹੇਠ ਖੇਡਣਗੇ।
ਫਿਲਹਾਲ IPL ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਹਾਰਦਿਕ ਦੀ ਨਵੀਂ ਭੂਮਿਕਾ ਜਾਂ ਕਪਤਾਨੀ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ IPL 2027 ਵਿੱਚ ਪੰਜਾਬ ਕਿੰਗਜ਼ ਦੀ ਅਗਵਾਈ ਕੌਣ ਕਰੇਗਾ।
