ਕੋਲਕਾਤਾ: ਸਾਬਕਾ ਭਾਰਤੀ ਫੁੱਟਬਾਲ ਕਪਤਾਨ ਬਾਈਚੁੰਗ ਭੂਟੀਆ ਨੇ ਭਾਰਤ-ਬ੍ਰਾਜ਼ੀਲ ਦੋਸਤਾਨਾ ਫੁੱਟਬਾਲ ਮੈਚ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਭੂਟੀਆ ਨੇ ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਨੂੰ ਇਸ ਮੈਚ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੈਚ ਦੇ ਆਯੋਜਨ ’ਤੇ ਹੋਣ ਵਾਲੇ ਕਥਿਤ ਵੱਡੇ ਖਰਚੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਰਕਮ ਭਾਰਤੀ ਫੁੱਟਬਾਲ ਦੇ ਵਿਕਾਸ ਲਈ ਵਰਤੀ ਜਾ ਸਕਦੀ ਹੈ।
ਭੂਟੀਆ ਨੇ ਕਿਹਾ ਕਿ ਜੇਕਰ ਭਾਰਤ-ਬ੍ਰਾਜ਼ੀਲ ਦੇ 90 ਮਿੰਟਾਂ ਦੇ ਦੋਸਤਾਨਾ ਮੈਚ ’ਤੇ ਲਗਭਗ 50 ਤੋਂ 70 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਇਸ ਰਕਮ ਦੀ ਵਰਤੋਂ ਹੋਰ ਬਿਹਤਰ ਢੰਗ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਮੁਤਾਬਕ ਇਹ ਪੈਸਾ ਬੰਗਾਲ ਦੇ ਖਿਡਾਰੀਆਂ ਦੀ ਮਦਦ ਕਰਨ, ਫੁੱਟਬਾਲ ਬੁਨਿਆਦੀ ਢਾਂਚਾ ਵਿਕਸਤ ਕਰਨ, ਫੁੱਟਸਾਲ ਮੈਦਾਨ ਬਣਾਉਣ ਅਤੇ ਵਿੱਤੀ ਸੰਕਟ ਨਾਲ ਜੂਝ ਰਹੇ ਫੁੱਟਬਾਲ ਕਲੱਬਾਂ ਨੂੰ ਸਹਾਇਤਾ ਦੇਣ ਲਈ ਵਰਤਿਆ ਜਾ ਸਕਦਾ ਹੈ।
ਸਾਬਕਾ ਕਪਤਾਨ ਦਾ ਮੰਨਣਾ ਹੈ ਕਿ ਭਾਰਤ ਵਿੱਚ ਫੁੱਟਬਾਲ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਲੰਬੇ ਸਮੇਂ ਦੀ ਨਿਵੇਸ਼ ਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਟੀਮ ਨਾਲ ਇੱਕ ਮੈਚ ਕਰਵਾਉਣ ਦੀ ਬਜਾਏ ਜੇਕਰ ਇਹ ਰਕਮ ਜ਼ਮੀਨੀ ਪੱਧਰ ’ਤੇ ਖੇਡ ਨੂੰ ਮਜ਼ਬੂਤ ਕਰਨ ਲਈ ਖਰਚ ਕੀਤੀ ਜਾਵੇ ਤਾਂ ਇਸ ਦਾ ਲਾਭ ਵੱਡੀ ਗਿਣਤੀ ਵਿੱਚ ਖਿਡਾਰੀਆਂ ਅਤੇ ਕਲੱਬਾਂ ਨੂੰ ਮਿਲ ਸਕਦਾ ਹੈ।
ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਇਹ ਦੋਸਤਾਨਾ ਮੈਚ 3 ਅਕਤੂਬਰ ਨੂੰ ਕੋਲਕਾਤਾ ਦੇ ਪ੍ਰਸਿੱਧ ਸਾਲਟ ਲੇਕ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਬ੍ਰਾਜ਼ੀਲ ਵਰਗੀ ਵਿਸ਼ਵ ਪੱਧਰੀ ਫੁੱਟਬਾਲ ਟੀਮ ਦੇ ਭਾਰਤ ਆਉਣ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੈ। ਇਸ ਦੇ ਬਾਵਜੂਦ ਭੂਟੀਆ ਦੀ ਅਪੀਲ ਨੇ ਮੈਚ ਦੇ ਆਯੋਜਨ ਅਤੇ ਭਾਰਤੀ ਫੁੱਟਬਾਲ ਦੀਆਂ ਤਰਜੀਹਾਂ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।
