ਧਰਮਸ਼ਾਲਾ: ਧਰਮਸ਼ਾਲਾ ਵਿੱਚ ਖੇਡੇ ਗਏ ਆਈ.ਪੀ.ਐਲ 2026 ਦੇ ਮਹੱਤਵਪੂਰਨ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾਕੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਜਿੱਤ ਨਾਲ ਬੰਗਲੁਰੂ 18 ਅੰਕਾਂ ਤੱਕ ਪਹੁੰਚ ਗਈ ਅਤੇ ਸੀਜ਼ਨ ਦੀ ਪਹਿਲੀ ਟੀਮ ਬਣੀ ਜਿਸ ਨੇ ਅਧਿਕਾਰਕ ਤੌਰ ‘ਤੇ ਪਲੇਆਫ ਲਈ ਕੁਆਲੀਫਾਈ ਕੀਤਾ। ਦੂਜੇ ਪਾਸੇ ਪੰਜਾਬ ਕਿੰਗਜ਼ ਨੂੰ ਲਗਾਤਾਰ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਟੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਮੈਚ ਵਿੱਚ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਬੰਗਲੁਰੂ ਦੇ ਬੱਲੇਬਾਜ਼ਾਂ ਨੇ ਸ਼ੁਰੂ ਤੋਂ ਹੀ ਹਮਲਾਵਰ ਅੰਦਾਜ਼ ਅਪਣਾਇਆ। ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 222 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਬੰਗਲੁਰੂ ਲਈ ਵਿਰਾਟ ਕੋਹਲੀ ਅਤੇ ਵੈਂਕਟੇਸ਼ ਅਈਅਰ ਨੇ ਸ਼ਾਨਦਾਰ ਅਰਧ ਸੈਂਕੜੇ ਜੜ੍ਹੇ ਅਤੇ ਪੰਜਾਬ ਦੇ ਗੇਂਦਬਾਜ਼ਾਂ ਨੂੰ ਦਬਾਅ ਵਿੱਚ ਰੱਖਿਆ। ਦੋਵੇਂ ਬੱਲੇਬਾਜ਼ਾਂ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਂਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।
ਕੋਹਲੀ ਨੇ ਆਪਣੀ ਪਾਰੀ ਦੌਰਾਨ ਸ਼ਾਨਦਾਰ ਕਵਰ ਡਰਾਈਵ ਅਤੇ ਬਾਊਂਡਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ, ਜਦਕਿ ਵੈਂਕਟੇਸ਼ ਨੇ ਮਿਡਲ ਓਵਰਾਂ ਵਿੱਚ ਤੇਜ਼ ਰਨਗਤੀ ਬਣਾਈ ਰੱਖੀ। ਪੰਜਾਬ ਦੇ ਗੇਂਦਬਾਜ਼ ਲਗਾਤਾਰ ਦਬਾਅ ਹੇਠ ਨਜ਼ਰ ਆਏ ਅਤੇ ਉਹ ਬੰਗਲੁਰੂ ਦੇ ਬੱਲੇਬਾਜ਼ਾਂ ਨੂੰ ਵੱਡੇ ਸ਼ਾਟ ਖੇਡਣ ਤੋਂ ਨਹੀਂ ਰੋਕ ਸਕੇ।
223 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਠੀਕ ਰਹੀ, ਪਰ ਟੀਮ ਨਿਰੰਤਰ ਵਿਕਟਾਂ ਗੁਆਉਂਦੀ ਰਹੀ। ਪੰਜਾਬ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 199 ਦੌੜਾਂ ਹੀ ਬਣਾ ਸਕੀ। ਬੰਗਲੁਰੂ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਗੇਂਦਬਾਜ਼ੀ ਕਰਦਿਆਂ 2 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਪੰਜਾਬ ਦੀ ਰਨਗਤੀ ‘ਤੇ ਅਸਰ ਪਿਆ।
ਪੰਜਾਬ ਕਿੰਗਜ਼ ਲਈ ਇਹ ਹਾਰ ਕਾਫ਼ੀ ਨਿਰਾਸ਼ਾਜਨਕ ਰਹੀ ਕਿਉਂਕਿ ਟੀਮ ਲਗਾਤਾਰ ਛੇ ਮੈਚ ਹਾਰ ਚੁੱਕੀ ਹੈ। ਟੀਮ ਦੇ ਪ੍ਰਦਰਸ਼ਨ ‘ਤੇ ਹੁਣ ਸਵਾਲ ਉੱਠਣ ਲੱਗੇ ਹਨ ਅਤੇ ਪ੍ਰਬੰਧਨ ‘ਤੇ ਵੀ ਦਬਾਅ ਵੱਧ ਗਿਆ ਹੈ।
ਉਧਰ ਬੰਗਲੁਰੂ ਦੀ ਟੀਮ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੀ ਹੈ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿੱਚ ਸੰਤੁਲਿਤ ਪ੍ਰਦਰਸ਼ਨ ਕਰਦਿਆਂ ਟੀਮ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਸੀਜ਼ਨ ਖਿਤਾਬ ਦੀ ਮਜ਼ਬੂਤ ਦਾਵੇਦਾਰ ਹੈ।
