ਬਿਲਾਸਪੁਰ : ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ (NH-21) ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਸੜਕੀ ਰੁਕਾਵਟ ਕਾਰਨ ਆਵਾਜਾਈ ਪ੍ਰਭਾਵਿਤ ਹੈ। ਸਥਿਤੀ ਨੂੰ ਦੇਖਦੇ ਹੋਏ, ਬਿਲਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਰਾਹੁਲ ਕੁਮਾਰ (IAS) ਨੇ ਬਲੋਹ ਅਤੇ ਗਡਮੋੜ ਟੋਲ ਪਲਾਜ਼ਿਆਂ ‘ਤੇ ਟੋਲ ਵਸੂਲੀ ਨੂੰ ਇੱਕ ਮਹੀਨੇ ਲਈ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਆਦੇਸ਼ ਅਨੁਸਾਰ, ਜਦੋਂ ਹਾਈਵੇਅ ਦਾ ਇੱਕ ਵੱਡਾ ਹਿੱਸਾ ਅੰਸ਼ਕ ਜਾਂ ਪੂਰੀ ਤਰ੍ਹਾਂ ਬੰਦ ਹੁੰਦਾ ਹੈ, ਤਾਂ ਟੋਲ ਟੈਕਸ ਵਸੂਲਣਾ ਜਨਤਾ ਨਾਲ ਬੇਇਨਸਾਫ਼ੀ ਹੋਵੇਗੀ। ਇਹ ਆਦੇਸ਼ 20 ਅਗਸਤ 2025 ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਇੱਕ ਮਹੀਨੇ ਲਈ ਲਾਗੂ ਰਹੇਗਾ।
ਇਹ ਧਿਆਨ ਦੇਣ ਯੋਗ ਹੈ ਹੈ ਕਿ ਕੀਰਤਪੁਰ–ਮਨਾਲੀ ਫੋਰਲੇਨ ‘ਤੇ ਹੁਣ ਤੱਕ ਚਾਰ ਟੋਲ ਪਲਾਜ਼ਾ ਚਲਾਏ ਜਾ ਰਹੇ ਸਨ। 2023 ਵਿੱਚ ਮਨਾਲੀ ਦਾ ਦੋਹਲੁਨਾਲਾ ਪਲਾਜ਼ਾ ਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਮੰਡੀ ਦੇ ਟਕੋਲੀ ਟੋਲ ਪਲਾਜ਼ਾ ਨੂੰ ਵੀ ਇੱਕ ਮਹੀਨੇ ਲਈ ਬੰਦ ਕੀਤਾ ਗਿਆ ਸੀ। ਹੁਣ ਬਿਲਾਸਪੁਰ ਦੇ ਬਲੋਹ ਅਤੇ ਗੜਾਮੋੜ ਟੋਲ ਪਲਾਜ਼ਾ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ।
