ਫਰੀਦਕੋਟ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਰੀਦਕੋਟ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਗੁਰਬਖਸ਼ ਸਿੰਘ ਨੂੰ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਦੀ ਫ਼ਿਰੋਜ਼ਪੁਰ ਰੇਂਜ ਦੀ ਟੀਮ ਨੇ ਸਾਦਿਕ ਸਥਿਤ ਇੱਕ ਢਾਬੇ ‘ਤੇ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ। ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ।
ਵਿਜੀਲੈਂਸ ਅਧਿਕਾਰੀਆਂ ਅਨੁਸਾਰ ਲੱਖਾ ਸਿੰਘ ਪੁੱਤਰ ਦਲੋਰ ਸਿੰਘ ਵਾਸੀ ਪਿੰਡ ਘੁਗਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਏ.ਐਸ.ਆਈ. ਨੇ ਕੇਸ ਰੱਦ ਕਰਵਾਉਣ ਅਤੇ ਜਾਂਚ ਵਿੱਚ ਮਦਦ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਦੋਸ਼ ਹੈ ਕਿ ਮੁਲਜ਼ਮ ਪਹਿਲਾਂ ਹੀ 40 ਹਜ਼ਾਰ ਰੁਪਏ ਲੈ ਚੁੱਕੇ ਸਨ, ਜਦੋਂਕਿ ਕੇਸ ਰੱਦ ਕਰਵਾਉਣ ਲਈ 80 ਹਜ਼ਾਰ ਰੁਪਏ ਹੋਰ ਮੰਗੇ ਜਾ ਰਹੇ ਸਨ।
ਸ਼ਿਕਾਇਤਕਰਤਾ ਨੇ ਕਥਿਤ ਤੌਰ ‘ਤੇ ਰਿਸ਼ਵਤ ਦੀ ਮੰਗ ਸਬੰਧੀ ਫ਼ੋਨ ‘ਤੇ ਹੋਈ ਗੱਲਬਾਤ ਰਿਕਾਰਡ ਕਰਕੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਸ਼ਿਕਾਇਤ ਦੀ ਮੁਢਲੀ ਜਾਂਚ ਅਤੇ ਆਡੀਓ ਰਿਕਾਰਡਿੰਗ ਤੋਂ ਬਾਅਦ ਵਿਜੀਲੈਂਸ ਟੀਮ ਨੇ ਮੁਲਜ਼ਮਾਂ ਨੂੰ ਫੜਨ ਦੀ ਯੋਜਨਾ ਬਣਾਈ। ਇਸ ਤਹਿਤ ਸ਼ਿਕਾਇਤਕਰਤਾ ਨੂੰ ਪੈਸੇ ਦੇਣ ਲਈ ਸਾਦਿਕ ਦੇ ਇੱਕ ਢਾਬੇ ‘ਤੇ ਬੁਲਾਇਆ ਗਿਆ। ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ ’ਤੇ ਚੌਕਸੀ ਰੱਖੀ।
ਜਿਵੇਂ ਹੀ ਲੱਖਾ ਸਿੰਘ ਨੇ 80 ਹਜ਼ਾਰ ਰੁਪਏ ਦੀ ਰਾਸ਼ੀ ਏ.ਐਸ.ਆਈ. ਨੂੰ ਸੌਂਪੀ ਤਾਂ ਵਿਜੀਲੈਂਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਕੋਲੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਏ.ਐਸ.ਆਈ. ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਫ਼ਿਰੋਜ਼ਪੁਰ ਰੇਂਜ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਰਿਸ਼ਵਤ ਦੇ ਕਥਿਤ ਲੈਣ-ਦੇਣ ਵਿਚ ਕਿਸੇ ਹੋਰ ਪੁਲਿਸ ਮੁਲਾਜ਼ਮ ਜਾਂ ਵਿਚੋਲੇ ਦੀ ਕੋਈ ਭੂਮਿਕਾ ਸੀ ਜਾਂ ਨਹੀਂ।
