ਜਾਪਾਨ : ਸਟਾਰ ਭਾਰਤੀ ਟਰੈਪ ਨਿਸ਼ਾਨੇਬਾਜ਼ ਨੀਰੂ ਢਾਂਡਾ ਅੱਜ ਆਈਚੀ-ਨਾਗੋਆ ਵਿੱਚ 2026 ਏਸ਼ੀਆਈ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਦਲ ਦੀ ਅਗਵਾਈ ਕਰਨ ਵਾਲੇ ਝੰਡਾ ਬਰਦਾਰ ਹੋਣਗੇ। ਉਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ।
ਭਾਰਤੀ ਓਲੰਪਿਕ ਸੰਘ ਨੇ ਇਸ ਸਮਾਰੋਹ ਲਈ 27 ਸਾਲਾ ਨੀਰੂ ਢਾਂਡਾ ਨੂੰ ਭਾਰਤ ਦਾ ਝੰਡਾਬਰਦਾਰ ਚੁਣਿਆ ਹੈ। ਉਹ ਨਾਗੋਆ ਦੇ ਮਿਜ਼ੂਹੋ ਪਾਰਕ ਐਥਲੈਟਿਕ ਸਟੇਡੀਅਮ ਵਿੱਚ ‘ਪਰੇਡ ਆਫ ਨੇਸ਼ਨਜ਼’ ਦੌਰਾਨ ਤਿਰੰਗਾ ਲਹਿਰਾਉਣਗੇ।
ਢਾਂਡਾ ਨੇ ਇਸ ਮਹਾਂਦੀਪੀ ਟੂਰਨਾਮੈਂਟ ਵਿੱਚ ਭਾਰਤ ਦੀ ਸਭ ਤੋਂ ਸਫ਼ਲ ਮੁਹਿੰਮਾਂ ਵਿੱਚੋਂ ਇੱਕ ਰਹੀ ਹੈ। ਉਹ 26 ਦੇ ਸਕੋਰ ਨਾਲ ਔਰਤਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਸਿਖਰ ‘ਤੇ ਰਹੇ ਅਤੇ ਟਰੈਪ ਸ਼ੂਟਿੰਗ ਵਿੱਚ ਵਿਅਕਤੀਗਤ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਏ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਆਲੀਫਿਕੇਸ਼ਨ ਰਾਊਂਡ ‘ਚ ਏਸ਼ਿਆਈ ਖੇਡਾਂ ਦਾ ਰਿਕਾਰਡ ਬਣਾਇਆ ਸੀ, ਜਿਸ ‘ਚ ਉਹ 30 ‘ਚੋਂ ਸਿਰਫ ਦੋ ਸ਼ਾਟ ਖੁੰਝ ਗਏ ਅਤੇ 28 ਸਕੋਰ ਬਣਾਏ।
ਵਿਅਕਤੀਗਤ ਸੋਨ ਤਗ਼ਮੇ ਤੋਂ ਬਾਅਦ, ਢਾਂਡਾ ਨੇ ਆਸ਼ਿਮਾ ਅਹਲਾਵਤ ਅਤੇ ਮਨੀਸ਼ਾ ਕੀਰ ਨਾਲ ਮਿਲ ਕੇ ਮਹਿਲਾ ਟੀਮ ਟਰੈਪ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੇਯਾਨ ਚੇਨਈ ਨਾਲ ਮਿਲ ਕੇ ਮਿਕਸਡ ਟੀਮ ਟਰੈਪ ਈਵੈਂਟ ‘ਚ ਸੋਨ ਤਗਮਾ ਜਿੱਤ ਕੇ ਕੁੱਲ ਤਿੰਨ ਤਗਮੇ ਜਿੱਤੇ।
ਇਸ ਮਿਕਸਡ ਟੀਮ ਦੀ ਜੋੜੀ ਨੇ ਏਸ਼ਿਆਈ ਖੇਡਾਂ ਦਾ ਰਿਕਾਰਡ ਵੀ ਬਣਾਇਆ ਹੈ। ਉਨ੍ਹਾਂ ਨੇ 34 ਸਕੋਰ ਬਣਾਏ, ਕਤਰ ਦੇ 30 ਦੇ ਪਿਛਲੇ ਰਿਕਾਰਡ ਨੂੰ ਤੋੜਿਆ ਅਤੇ ਖੇਡਾਂ ਵਿੱਚ ਮਿਕਸਡ ਟੀਮ ਟਰੈਪ ਸ਼ੂਟਿੰਗ ਈਵੈਂਟ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ। ਢਾਂਡਾ ਆਪਣੀ ਸ਼ੂਟਿੰਗ ਮੁਹਿੰਮ ਪੂਰੀ ਕਰਨ ਤੋਂ ਬਾਅਦ ਭਾਰਤ ਪਰਤ ਆਏ ਹਨ, ਪਰ ਸਮਾਪਤੀ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਵਾਪਸ ਜਾਪਾਨ ਜਾਣਗੇ।
ਸਮਾਪਤੀ ਸਮਾਰੋਹ ਐਤਵਾਰ ਨੂੰ ਪਲੋਮਾ ਮਿਜ਼ੂਹੋ ਸਟੇਡੀਅਮ, ਜਿਸ ਨੂੰ ਨਾਗੋਆ ਸਿਟੀ ਮਿਜ਼ੂਹੋ ਪਾਰਕ ਐਥਲੈਟਿਕ ਸਟੇਡੀਅਮ ਵੀ ਕਿਹਾ ਜਾਂਦਾ ਹੈ, ਵਿਖੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਕੁੱਲ 85 ਤਗ਼ਮੇ (21 ਸੋਨ, 27 ਚਾਂਦੀ ਅਤੇ 37 ਕਾਂਸੀ) ਜਿੱਤ ਕੇ ਚੌਥੇ ਸਥਾਨ ’ਤੇ ਰਹਿ ਕੇ ਆਪਣੀ ਮੁਹਿੰਮ ਖ਼ਤਮ ਕੀਤੀ।
ਚੀਨ 341 ਤਗਮਿਆਂ (169 ਸੋਨੇ ਸਮੇਤ) ਦੇ ਨਾਲ ਤਮਗਾ ਸੂਚੀ ਵਿੱਚ ਸਿਖਰ ‘ਤੇ ਰਿਹਾ, ਜਦਕਿ ਮੇਜ਼ਬਾਨ ਜਾਪਾਨ 269 ਤਗਮਿਆਂ (83 ਸੋਨੇ ਸਮੇਤ) ਨਾਲ ਦੂਜੇ ਸਥਾਨ ‘ਤੇ ਰਿਹਾ। ਦੱਖਣੀ ਕੋਰੀਆ 150 ਤਗਮਿਆਂ (39 ਸੋਨੇ ਸਮੇਤ) ਨਾਲ ਤੀਜੇ ਸਥਾਨ ‘ਤੇ ਰਿਹਾ। ਸਮਾਪਤੀ ਸਮਾਰੋਹ ਵਿਚ ਏਸ਼ਿਆਈ ਖੇਡਾਂ ਦਾ ਝੰਡਾ ਰਸਮੀ ਤੌਰ ‘ਤੇ ਦੋਹਾ ਨੂੰ ਸੌਂਪਿਆ ਜਾਵੇਗਾ, ਜੋ 2030 ਵਿਚ ਮਹਾਂਦੀਪੀ ਈਵੈਂਟ ਦੀ ਮੇਜ਼ਬਾਨੀ ਕਰੇਗਾ।
