Home ਦੇਸ਼ ਮਹਿੰਗਾਈ ਦਾ ਇੱਕ ਹੋਰ ਝਟਕਾ, CNG ਦੀਆਂ ਕੀਮਤਾਂ ’ਚ ਮੁੜ ਵਾਧਾ

ਮਹਿੰਗਾਈ ਦਾ ਇੱਕ ਹੋਰ ਝਟਕਾ, CNG ਦੀਆਂ ਕੀਮਤਾਂ ’ਚ ਮੁੜ ਵਾਧਾ

0

ਮੁੰਬਈ: ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕੰਪ੍ਰੈਸਡ ਨੈਚੁਰਲ ਗੈਸ (CNG) ਦੀਆਂ ਕੀਮਤਾਂ ਵਿੱਚ ਮੁੜ ਵਾਧਾ ਕਰ ਦਿੱਤਾ ਗਿਆ ਹੈ। ਗੈਸ ਦੀ ਕੀਮਤ 1.50 ਰੁਪਏ ਪ੍ਰਤੀ ਕਿਲੋਗ੍ਰਾਮ ਵਧਣ ਨਾਲ ਹੁਣ ਇਸ ਦਾ ਨਵਾਂ ਭਾਅ 91.50 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਸ਼ਨੀਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ।

ਇਸ ਵਾਧੇ ਦਾ ਸਭ ਤੋਂ ਵੱਧ ਅਸਰ ਆਟੋ ਰਿਕਸ਼ਾ, ਟੈਕਸੀ ਅਤੇ ਹੋਰ CNG ਨਾਲ ਚੱਲਣ ਵਾਲੇ ਵਾਹਨਾਂ ਦੇ ਚਾਲਕਾਂ ’ਤੇ ਪੈਣ ਦੀ ਸੰਭਾਵਨਾ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਆਟੋ ਰਿਕਸ਼ਾ ਯੂਨੀਅਨਾਂ ਨੇ ਵੀ ਕਿਰਾਏ ਵਿੱਚ ਵਾਧੇ ਦੀ ਮੰਗ ਮੁੜ ਉਠਾਈ ਹੈ।

75 ਦਿਨਾਂ ਵਿੱਚ 5.50 ਰੁਪਏ ਮਹਿੰਗੀ ਹੋਈ CNG

CNG ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਵੀ ਗੈਸ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਸੀ। ਤਾਜ਼ਾ ਵਾਧੇ ਤੋਂ ਬਾਅਦ ਮੁੰਬਈ ਅਤੇ ਮੁੰਬਈ ਮੈਟਰੋਪੋਲੀਟਨ ਖੇਤਰ ਦੇ ਲੋਕਾਂ ਨੂੰ ਹੁਣ ਹਰ ਵਾਰ ਗੈਸ ਭਰਵਾਉਣ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚ ਕਰਨੇ ਪੈਣਗੇ।

ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ 75 ਦਿਨਾਂ ਦੌਰਾਨ CNG ਦੀ ਕੀਮਤ ਵਿੱਚ ਕੁੱਲ 5.50 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਸਾਲ ਦੀ ਸ਼ੁਰੂਆਤ ਵਿੱਚ ਇਸ ਦੀ ਕੀਮਤ 80.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਵਧ ਕੇ 91.50 ਰੁਪਏ ਹੋ ਗਈ ਹੈ।

ਆਟੋ ਯੂਨੀਅਨ ਨੇ ਕਿਰਾਇਆ ਵਧਾਉਣ ਦੀ ਕੀਤੀ ਮੰਗ

CNG ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਆਟੋ ਰਿਕਸ਼ਾ ਚਾਲਕਾਂ ਨੇ ਹੁਣ ਯਾਤਰੀ ਕਿਰਾਏ ਵਿੱਚ ਵਾਧੇ ਦੀ ਮੰਗ ਕੀਤੀ ਹੈ। ਮੁੰਬਈ ਰਿਕਸ਼ਾ ਮੈਨਜ਼ ਯੂਨੀਅਨ ਦੇ ਥੰਪੀ ਕੁਰੀਅਨ ਨੇ ਕਿਹਾ ਕਿ ਈਂਧਣ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਚਾਲਕਾਂ ਦੀ ਕਮਾਈ ਪ੍ਰਭਾਵਿਤ ਹੋ ਰਹੀ ਹੈ।

ਯੂਨੀਅਨ ਨੇ ਆਟੋ ਰਿਕਸ਼ਾ ਦਾ ਘੱਟੋ-ਘੱਟ ਕਿਰਾਇਆ ਮੌਜੂਦਾ 27 ਰੁਪਏ ਤੋਂ ਵਧਾ ਕੇ 29 ਰੁਪਏ ਕਰਨ ਦੀ ਮੰਗ ਕੀਤੀ ਹੈ। ਇਹ ਕਿਰਾਇਆ ਪਹਿਲੇ 1.5 ਕਿਲੋਮੀਟਰ ਦੇ ਸਫ਼ਰ ਲਈ ਲਾਗੂ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੀ ਵਾਰ ਕਿਰਾਏ ਵਿੱਚ ਸੋਧ ਤੋਂ ਬਾਅਦ ਆਟੋ ਰਿਕਸ਼ਾ ਦੇ ਮੀਟਰਾਂ ਨੂੰ ਨਵੇਂ ਕਿਰਾਏ ਮੁਤਾਬਕ ਅਪਡੇਟ ਕਰਨ ਦੀ ਪ੍ਰਕਿਰਿਆ ਵੀ ਅਜੇ ਜਾਰੀ ਹੈ।

12.93 ਲੱਖ ਵਾਹਨਾਂ ’ਤੇ ਪਵੇਗਾ ਅਸਰ

ਅਨੁਮਾਨਾਂ ਮੁਤਾਬਕ ਮੁੰਬਈ ਮੈਟਰੋਪੋਲੀਟਨ ਖੇਤਰ ਵਿੱਚ ਲਗਭਗ 12.93 ਲੱਖ CNG ਨਾਲ ਚੱਲਣ ਵਾਲੇ ਵਾਹਨ ਹਨ। ਇਨ੍ਹਾਂ ਵਿੱਚ ਆਟੋ ਰਿਕਸ਼ਾ, ਟੈਕਸੀਆਂ, ਨਿੱਜੀ ਕਾਰਾਂ ਅਤੇ ਜਨਤਕ ਆਵਾਜਾਈ ਦੇ ਵਾਹਨ ਸ਼ਾਮਲ ਹਨ। ਕੀਮਤਾਂ ਵਿੱਚ ਵਾਧੇ ਕਾਰਨ ਇਨ੍ਹਾਂ ਸਾਰੇ ਵਾਹਨਾਂ ਦੇ ਸੰਚਾਲਨ ਦਾ ਖਰਚ ਵਧੇਗਾ।

ਕੰਪਨੀ ਨੇ ਦੱਸਿਆ ਕੀਮਤਾਂ ਵਧਣ ਦਾ ਕਾਰਨ

ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ CNG ਦੀ ਸਪਲਾਈ ਕਰਨ ਵਾਲੀ ਮਹਾਨਗਰ ਗੈਸ ਲਿਮਟਿਡ (MGL) ਨੇ ਕੀਮਤਾਂ ਵਿੱਚ ਵਾਧੇ ਪਿੱਛੇ ਗੈਸ ਖਰੀਦਣ ਦੀ ਲਾਗਤ ਵਧਣ ਨੂੰ ਮੁੱਖ ਕਾਰਨ ਦੱਸਿਆ ਹੈ।

ਕੰਪਨੀ ਮੁਤਾਬਕ ਘਰੇਲੂ ਪੱਧਰ ’ਤੇ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੀ ਉਪਲਬਧਤਾ ਵਿੱਚ ਕਮੀ ਅਤੇ ਆਯਾਤ ਕੀਤੀ ਗੈਸ ’ਤੇ ਵਧਦੀ ਨਿਰਭਰਤਾ ਕਾਰਨ ਖਰਚ ਵਧਿਆ ਹੈ। ਇਸ ਤੋਂ ਇਲਾਵਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਗੈਸ ਦੀਆਂ ਉੱਚੀਆਂ ਕੀਮਤਾਂ ਨੇ ਵੀ ਲਾਗਤ ’ਤੇ ਅਸਰ ਪਾਇਆ ਹੈ।

ਕੰਪਨੀ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਸੋਧ ਦਾ ਮਕਸਦ ਵਧੇ ਹੋਏ ਖਰਚਿਆਂ ਦੇ ਕੁਝ ਹਿੱਸੇ ਦੀ ਭਰਪਾਈ ਕਰਨਾ ਅਤੇ ਗੈਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਾ ਹੈ।

ਘਰੇਲੂ PNG ਦੀਆਂ ਕੀਮਤਾਂ ਵਿੱਚ ਨਹੀਂ ਹੋਇਆ ਬਦਲਾਅ

CNG ਦੀਆਂ ਕੀਮਤਾਂ ਵਧਣ ਦੇ ਬਾਵਜੂਦ ਘਰਾਂ ਵਿੱਚ ਖਾਣਾ ਪਕਾਉਣ ਲਈ ਵਰਤੀ ਜਾਣ ਵਾਲੀ ਪਾਈਪਡ ਨੈਚੁਰਲ ਗੈਸ (PNG) ਦੇ ਰੇਟਾਂ ਵਿੱਚ ਫਿਲਹਾਲ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਨਾਲ PNG ਦੀ ਵਰਤੋਂ ਕਰਨ ਵਾਲੇ ਘਰੇਲੂ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version