ਮੁੰਬਈ: ਪੰਜਾਬ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਭਾਰਤੀ ਅੰਡਰ-19 ਟੀਮ ਦੇ ਮੈਂਬਰ ਰਹੇ ਅਮਨਪ੍ਰੀਤ ਗਿੱਲ ਦੀ 36 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਖੇਡ ਜਗਤ ਵਿੱਚ ਦੁੱਖ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨਪ੍ਰੀਤ ਗਿੱਲ ਨੇ ਚੰਡੀਗੜ੍ਹ ਵਿੱਚ ਆਖਰੀ ਸਾਹ ਲਿਆ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।
ਅਮਨਪ੍ਰੀਤ ਗਿੱਲ ਨੇ ਪੰਜਾਬ ਲਈ ਘਰੇਲੂ ਕ੍ਰਿਕਟ ਖੇਡੀ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਅੰਡਰ-19 ਟੀਮ ਵਿੱਚ ਵੀ ਜਗ੍ਹਾ ਬਣਾਈ ਸੀ। ਉਹ ਆਪਣੇ ਸਮੇਂ ਦੇ ਕਾਬਲ ਤੇਜ਼ ਗੇਂਦਬਾਜ਼ਾਂ ਵਿੱਚ ਗਿਣੇ ਜਾਂਦੇ ਸਨ। ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਵੀ ਉਹ ਖੇਡ ਨਾਲ ਜੁੜੇ ਰਹੇ ਅਤੇ ਪੰਜਾਬ ਦੀ ਚੋਣ ਕਮੇਟੀ ਦੇ ਮੈਂਬਰ ਵਜੋਂ ਨੌਜਵਾਨ ਖਿਡਾਰੀਆਂ ਨੂੰ ਮੌਕੇ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਦੇ ਦੇਹਾਂਤ ‘ਤੇ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਸਾਬਕਾ ਅੰਡਰ-19 ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਲਿਖਿਆ ਕਿ ਅਮਨਪ੍ਰੀਤ ਗਿੱਲ ਇੱਕ ਬਿਹਤਰੀਨ ਇਨਸਾਨ ਅਤੇ ਸ਼ਾਨਦਾਰ ਖਿਡਾਰੀ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।
ਦੂਜੇ ਪਾਸੇ ਯੁਵਰਾਜ ਸਿੰਘ ਨੇ ਵੀ ਗਿੱਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਖ਼ਬਰ ਬਹੁਤ ਹੀ ਦੁਖਦਾਈ ਹੈ। ਕਈ ਹੋਰ ਕ੍ਰਿਕਟਰਾਂ ਅਤੇ ਖੇਡ ਹਸਤੀਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।
ਅਮਨਪ੍ਰੀਤ ਗਿੱਲ ਦੀ ਮੌਤ ਨਾਲ ਪੰਜਾਬ ਕ੍ਰਿਕਟ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣ ਕੇ ਕੰਮ ਕੀਤਾ।
