ਲੁਧਿਆਣਾ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਛਪਾਰ ਮੇਲੇ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕਾਨਫਰੰਸ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੋਣਾਂ ਸਬੰਧੀ ਅਹਿਮ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜ਼ਰੂਰ ਲੜਨਗੇ।
ਧੂਰੀ ਹਲਕਾ ਇਸ ਚਰਚਾ ਕਾਰਨ ਖਾਸ ਤੌਰ ’ਤੇ ਮਹੱਤਵਪੂਰਨ ਬਣ ਗਿਆ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਧੂਰੀ ਤੋਂ ਵਿਧਾਇਕ ਹਨ। ਹਾਲ ਹੀ ਵਿੱਚ ਮਾਨ ਨੇ ਵੀ 2027 ਦੀਆਂ ਚੋਣਾਂ ਲਈ ਆਪਣੀ ਧੂਰੀ ਵਿਧਾਨ ਸਭਾ ਸੀਟ ਤੋਂ ਘਰ-ਘਰ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਦੇ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਦੀ ਸੰਭਾਵਨਾ ਬਾਰੇ ਵੀ ਸਿਆਸੀ ਚਰਚਾ ਚੱਲ ਰਹੀ ਹੈ। ਰਿਪੋਰਟਾਂ ਵਿੱਚ ਧੂਰੀ ਸਮੇਤ ਮਾਲਵਾ ਦੇ ਕੁਝ ਹੋਰ ਹਲਕਿਆਂ ਦੇ ਨਾਮ ਸਾਹਮਣੇ ਆਏ ਹਨ। ਹਾਲਾਂਕਿ ਸੀਟਾਂ ਸਬੰਧੀ ਅੰਤਿਮ ਫੈਸਲਾ ਅਜੇ ਰਸਮੀ ਤੌਰ ’ਤੇ ਨਹੀਂ ਕੀਤਾ ਗਿਆ।
ਛਪਾਰ ਕਾਨਫਰੰਸ ਵਿੱਚ ਤਰਸੇਮ ਸਿੰਘ ਨੇ ਇਹ ਵੀ ਕਿਹਾ ਕਿ ਪਰਿਵਾਰ ਵਿੱਚੋਂ ਕੋਈ ਹੋਰ ਮੈਂਬਰ ਚੋਣ ਨਹੀਂ ਲੜੇਗਾ ਅਤੇ ਅੰਮ੍ਰਿਤਪਾਲ ਸਿੰਘ ਹੀ ਚੋਣ ਮੈਦਾਨ ਵਿੱਚ ਉਤਰਣਗੇ। ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦੀ ਸਰਕਾਰ ਬਣਨ ਦੀ ਸਥਿਤੀ ਵਿੱਚ ਹਿੰਦੂ ਭਾਈਚਾਰੇ ਵਿੱਚੋਂ ਉਪ ਮੁੱਖ ਮੰਤਰੀ ਬਣਾਉਣ ਅਤੇ ਦਲਿਤ ਭਾਈਚਾਰੇ ਨੂੰ ਸਰਕਾਰ ਵਿੱਚ ਨੁਮਾਇੰਦਗੀ ਦੇਣ ਦੀ ਗੱਲ ਵੀ ਕਹੀ।
