ਮੁੰਬਈ : ਮੁੰਬਈ ਵਿੱਚ ਅੱਜ ਸਵੇਰੇ ਤੋਂ ਹੀ ਬੱਦਲਵਾਈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ (IMD) ਨੇ ਸ਼ਹਿਰ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਦਿੰਦੇ ਹੋਏ ਔਰੇਂਜ ਅਲਰਟ ਜਾਰੀ ਕੀਤਾ ਹੈ। ਨਿਵਾਸੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ‘ਤੇ, ਮੁੰਬਈ ਵਿੱਚ ਅੱਜ ਸਾਰੇ ਸਰਕਾਰੀ, ਨਿੱਜੀ ਅਤੇ ਨਗਰਪਾਲਿਕਾ ਸਕੂਲ ਅਤੇ ਕਾਲਜ ਬੰਦ ਰਹਿਣਗੇ। ਲਗਾਤਾਰ ਪੈ ਰਹੇ ਮੀਂਹ ਨੇ ਬੀਤੇ ਦਿਨ (6 ਜੁਲਾਈ) ਨੂੰ, ਮੁੰਬਈ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਜਨਜੀਵਨ ਲਗਭਗ ਠੱਪ ਹੋ ਗਿਆ। ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਦਰੱਖਤ ਜੜ੍ਹੋਂ ਉੱਖੜ ਗਏ, ਅਤੇ ਕੰਧਾਂ ਅਤੇ ਬਿਲਬੋਰਡ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਔਰੇਂਜ ਅਲਰਟ ਦਾ ਕੀ ਅਰਥ ਹੈ?
ਮੌਸਮ ਵਿਭਾਗ ਦੇ ਅਨੁਸਾਰ, ਔਰੇਂਜ ਅਲਰਟ ਦਾ ਮਤਲਬ ਹੈ ਕਿ ਮੌਸਮ ਕਾਫੀ ਖਰਾਬ ਹੋ ਸਕਦਾ ਹੈ, ਇਸ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਇਸ ਲਈ, ਲੋਕਾਂ ਨੂੰ ਪਹਿਲਾਂ ਤੋਂ ਹੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਬਿਜਲੀ ਸਪਲਾਈ ਵਿੱਚ ਵਿਘਨ ਵੀ ਸੰਭਵ ਹੈ। ਆਈਐਮਡੀ ਦੇ ਚਾਰ-ਕਲਰ ਵਾਲੇ ਅਲਰਟ ਸਿਸਟਮ ਵਿੱਚ ਔਰੇਂਜ ਅਲਰਟ ਤੀਸਰੇ ਨੰਬਰ ’ਤੇ ਹੁੰਦਾ ਹੈ। ਇਹ ਯੈਲੋ ਅਲਰਟ ਨਾਲੋਂ ਜ਼ਿਆਦਾ ਗੰਭੀਰ ਹੈ, ਪਰ ਰੈੱਡ ਅਲਰਟ ਤੋਂ ਇੱਕ ਪੱਧਰ ਹੇਠਾਂ ਹੁੰਦਾ ਹੈ।
18 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ ਸੀ ‘ਮਿਸਿੰਗ ਲਿੰਕ’ ਬਾਈਪਾਸ
ਅਧਿਕਾਰੀਆਂ ਦੇ ਅਨੁਸਾਰ, ਮੁੰਬਈ-ਪੁਣੇ ਐਕਸਪ੍ਰੈਸਵੇਅ ਦੇ ‘ਮਿਸਿੰਗ ਲਿੰਕ’ ਬਾਈਪਾਸ ‘ਤੇ ਮੁੰਬਈ ਜਾਣ ਵਾਲੀ ਸੜਕ ਬੀਤੀ ਰਾਤ ਨੂੰ ਦੁਬਾਰਾ ਖੋਲ ਦਿੱਤਾ ਗਿਆ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ, ਇਹ ਰਸਤਾ 18 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ। ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ (ਐਮ.ਐਸ.ਆਰ.ਡੀ.ਸੀ.) ਨੇ ਕਿਹਾ ਕਿ ਜ਼ਮੀਨ ਖਿਸਕਣ ਵਾਲੀ ਥਾਂ ਦਾ ਸੁਰੱਖਿਆ ਨਿਰੀਖਣ ਪੂਰਾ ਹੋਣ ਤੋਂ ਬਾਅਦ ਰਾਤ 10:10 ਵਜੇ ਆਵਾਜਾਈ ਬਹਾਲ ਕਰ ਦਿੱਤੀ ਗਈ।
