ਲੁਧਿਆਣਾ: ਵਿਆਹ ਤੋਂ ਬਾਅਦ ਜਦੋਂ ਪਤੀ ਵਿਦੇਸ਼ ਗਿਆ ਤਾਂ ਪਤਨੀ ਸਭ ਤੋਂ ਪਹਿਲਾਂ ਆਪਣੇ ਪੇਕੇ ਘਰ ਆਈ। ਫਿਰ ਉਹ ਆਪਣੇ ਪੁਰਾਣੇ ਦੋਸਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਲੱਗੀ। ਇੰਨਾ ਹੀ ਨਹੀਂ ਉਹ ਆਪਣੇ ਪੇਕੇ ਘਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਵੀ ਲੈ ਗਈ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਪਿਤਾ ਦੀ ਸ਼ਿਕਾਇਤ ’ਤੇ ਧੀ ਖ਼ਿਲਾਫ਼ ਧਾਰਾ 380, 406, 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ 24 ਜੂਨ 2023 ਨੂੰ ਦਿੱਤੀ ਸ਼ਿਕਾਇਤ ਵਿੱਚ ਸਮਸ਼ੇਰ ਸਿੰਘ (Samsher Singh) ਵਾਸੀ ਕਰੀਬ ਨਗਰ ਜੋਧੇਵਾਲ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਸਿਮਰਨ ਕੌਰ ਦਾ ਵਿਆਹ 25 ਨਵੰਬਰ 2022 ਨੂੰ ਇੰਗਲੈਂਡ ਵਾਸੀ ਕੁਲਦੀਪ ਸਿੰਘ ਨਾਲ ਕੀਤਾ ਸੀ।
ਵਿਆਹ ਤੋਂ ਬਾਅਦ ਜਦੋਂ ਜਵਾਈ ਵਿਦੇਸ਼ ਚਲਾ ਗਿਆ ਤਾਂ ਬੇਟੀ 20 ਅਪ੍ਰੈਲ 2023 ਨੂੰ ਆਪਣੇ ਪੇਕੇ ਘਰ ਆ ਗਈ। ਲੜਕੀ ਦੀ ਸ਼ਾਮ ਲਾਲ ਨਾਲ ਪਹਿਲਾਂ ਹੀ ਦੋਸਤੀ ਸੀ, ਜਿਸ ਨੇ ਵਿਆਹ ਤੋਂ ਬਾਅਦ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਦੇ ਘਰੋਂ ਗਹਿਣੇ ਅਤੇ ਨਕਦੀ ਲੈ ਲਈ ਅਤੇ ਲੜਕੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗ ਪਈ। ਇਸ ਤੋਂ ਬਾਅਦ ਉਸ ਨੇ ਆਪਣੀ ਬੇਟੀ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।