ਪਟਿਆਲਾ: ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਲੰਗ ਦੀ ਸਰਪੰਚ ਨੂੰ ਮੁਅੱਤਲ ਕਰਨ ਅਤੇ ਪੂਰੀ ਪੰਚਾਇਤ ਭੰਗ ਕਰਨ ਦੇ ਮਾਮਲੇ ਨੇ ਹੁਣ ਸਿਆਸੀ ਰੂਪ ਧਾਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਵੱਲੋਂ ਪਿੰਡ ਲੰਗ ਪਹੁੰਚ ਕੇ ਪਿੰਡ ਵਾਸੀਆਂ, ਪੰਚਾਂ ਅਤੇ ਸਥਾਨਕ ਆਗੂਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ।
ਮੋਹਿਤ ਮੋਹਿੰਦਰਾ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੀ ਹੋਈ ਪੰਚਾਇਤ ਨੂੰ ਇਸ ਤਰ੍ਹਾਂ ਭੰਗ ਕਰਨਾ ਲੋਕਤੰਤਰਿਕ ਮਰਿਆਦਾਵਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਮੰਤਰੀ ਡਾ. ਬਲਬੀਰ ਸਿੰਘ ਦੇ ਦਬਾਅ ਹੇਠ ਇਹ ਕਾਰਵਾਈ ਕੀਤੀ ਗਈ ਹੈ, ਜਿਸ ਨਾਲ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਪਿੰਡ ਲੰਗ ਤੋ ਜਿੱਤੇ ਹੋਏ ਸਰਪੰਚ ਨੂੰ ਸਸਪੈਂਡ ਅਤੇ ਸਮੂਹ ਪੰਚਾਇਤ ਨੂੰ ਭੰਗ ਇਸ ਲਈ ਕਰ ਦਿੱਤਾ ਗਿਆ ਕਿਉਂਕਿ ਉਹ ਆਮ ਆਦਮੀ ਪਾਰਟੀ ਨਾਲ ਸਬੰਧਿਤ ਨਹੀਂ ਸਨ। ਇੱਕ ਤਰਫ਼ ਆਪ ਸਰਕਾਰ ਇਹ ਦਾਅਵੇ ਕਰਦੀ ਸੀ ਕਿ ਸੱਥਾਂ ਤੋਂ ਸਰਕਾਰਾਂ ਚੱਲਣਗੀਆਂ ਅਤੇ ਦੂਜੀ ਤਰਫ਼ ਇਹੀ ਸਰਕਾਰ ਹੁਣ ਆਪਣੀ ਪਾਰਟੀ ਦੇ ਸਰਪੰਚ ਨਾ ਜਿੱਤਣ ’ਤੇ ਧੱਕੇਸ਼ਾਹੀ ’ਤੇ ਉਤਰ ਆਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਿੰਡ ਵਾਸੀਆਂ ਦੇ ਨਾਲ ਡੱਟ ਕੇ ਖੜੀ ਹੈ ਅਤੇ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਪੂਰੀ ਜਾਂਚ ਅਤੇ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਵੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ ਅਤੇ ਲੋਕਾਂ ਦੀ ਰਾਇ ਲਏ ਪੰਚਾਇਤ ਨੂੰ ਭੰਗ ਕਰਨਾ ਗਲਤ ਹੈ। ਲੋਕਾਂ ਨੇ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਇਸ ਦੌਰੇ ਦੌਰਾਨ ਕਾਂਗਰਸ ਦੇ ਕਈ ਸਥਾਨਕ ਆਗੂ ਅਤੇ ਵਰਕਰ ਵੀ ਮੌਜੂਦ ਰਹੇ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਹਰ ਹਾਲਤ ਵਿੱਚ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਰਹੇਗੀ।
