ਨਵੀਂ ਦਿੱਲੀ : ਬੀਤੇ ਦਿਨ ਯਾਨੀ 1 ਅਪ੍ਰੈਲ ਨੂੰ ਦਿੱਲੀ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਮੇਅਰ ਦਫ਼ਤਰ ਸਿਵਿਕ ਸੈਂਟਰ ਵਿੱਚ ਸਥਿਤ ਹੈ। ਇਹ ਧਮਕੀ ਈਮੇਲ ਅਤੇ ਫੋਨ ਕਾਲ ਰਾਹੀਂ ਦਿੱਤੀ ਗਈ ਹੈ। ਉੱਥੇ ਹੀ ਸੂਚਨਾ ਮਿਲਣ ‘ਤੇ ਪਹੁੰਚੀ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ, ਬੰਬ ਡਿਸਪੋਜ਼ਲ ਸਕੁਐਡ ਅਤੇ ਸਥਾਨਕ ਪੁਲਿਸ ਤੁਰੰਤ ਜਾਂਚ ਵਿੱਚ ਜੁੱਟ ਗਈ ਹੈ। ਫਿਲਹਾਲ ਪੁਲਿਸ ਨੂੰ ਹੁਣ ਤੱਕ ਕਿਸੇ ਵੀ ਪ੍ਰਕਾਰ ਦੀ ਸ਼ੱਕੀ ਵਸਤੂ ਨਹੀਂ ਮਿਲੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਦੇ ਦਫ਼ਤਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।
ਇਸ ਦੌਰਾਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, “ਈਮੇਲ ਕਥਿਤ ਤੌਰ ‘ਤੇ ‘ਖਾਲਿਸਤਾਨ ਨੈਸ਼ਨਲ ਆਰਮੀ’ ਨਾਮਕ ਇੱਕ ਸਮੂਹ ਦੇ ਨਾਮ ‘ਤੇ ਭੇਜੀ ਗਈ ਸੀ। ਸੁਰੱਖਿਆ ਏਜੰਸੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੇਅਰ ਦੇ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ, ਅਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ।”
ਮੁੱਢਲੀ ਜਾਣਕਾਰੀ ਦੇ ਅਨੁਸਾਰ, ਧਮਕੀ ਮੇਅਰ ਦੇ ਅਧਿਕਾਰਤ ਈਮੇਲ ਆਈਡੀ ‘ਤੇ ਭੇਜੀ ਗਈ ਸੀ। ਜਿਸ ਵਿੱਚ ਦੁਪਹਿਰ 2:11 ਵਜੇ ਦਫ਼ਤਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਸਿਵਿਕ ਸੈਂਟਰ ਵਿੱਚ ਸਰਚ ਆਪ੍ਰੇਸ਼ਨ ਜਾਰੀ
ਸਿਵਿਕ ਸੈਂਟਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਹਰ ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਬਚਿਆ ਜਾ ਸਕੇ। ਫਿਲਹਾਲ ਜਾਂਚ ਦੌਰਾਨ ਕੋਈ ਸ਼ੱਕੀ ਗਤੀਵਿਧੀ ਜਾਂ ਵਸਤੂ ਨਹੀਂ ਮਿਲੀ ਹੈ, ਪਰ ਸਾਵਧਾਨੀ ਵਜੋਂ, ਤਲਾਸ਼ੀ ਮੁਹਿੰਮ ਜਾਰੀ ਹੈ।
