ਨਵੀਂ ਮੁੰਬਈ : ਨਵੀਂ ਮੁੰਬਈ ਦੇ ਰਬਾਲੇ ਐਮ.ਆਈ.ਡੀ.ਸੀ. ਇਲਾਕੇ ਵਿੱਚ ਅੱਜ ਸਵੇਰੇ ਇੱਕ ਕੰਪਨੀ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਇਹ ਘਟਨਾ ਪਲਾਟ ਨੰਬਰ 823 ‘ਤੇ ਸਥਿਤ ਕੰਪਨੀ ਵਿੱਚ ਵਾਪਰੀ। ਅੱਗ ਦੀਆਂ ਲਪਟਾਂ ਉੱਠਣ ਦੇ ਨਾਲ ਹੀ ਪੂਰੇ ਇਲਾਕੇ ਵਿੱਚ ਧੂੰਏਂ ਦਾ ਸੰਘਣਾ ਬੱਦਲ ਫੈਲ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ, ਨਵੀਂ ਮੁੰਬਈ ਫਾਇਰ ਡਿਪਾਰਟਮੈਂਟ ਤੁਰੰਤ ਮੌਕੇ ‘ਤੇ ਪਹੁੰਚਿਆ। ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ, ਲਗਭਗ 7 ਤੋਂ 8 ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਗ ਬੁਝਾਊ ਦਸਤੇ ਅੱਗ ‘ਤੇ ਕਾਬੂ ਪਾਉਣ ਵਿੱਚ ਰੁੱਝੇ ਹੋਏ ਹਨ।
ਮੁੱਢਲੀ ਜਾਣਕਾਰੀ ਦੇ ਅਨੁਸਾਰ, ਕੰਪਨੀ ਵਿੱਚ ਸਪੰਜ ਬਣਾਉਣ ਦਾ ਕੰਮ ਕੀਤਾ ਜਾਦਾ ਸੀ। ਜਲਣਸ਼ੀਲ ਪਦਾਰਥ ਹੋਣ ਕਾਰਨ ਅੱਗ ਦੇ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਹੈ। ਹਾਲਾਂਕਿ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਨਾਲ-ਨਾਲ, ਫਾਇਰ ਵਿਭਾਗ ਅੱਗ ਲੱਗਣ ਦੇ ਕਾਰਨਾਂ ਦੀ ਵੀ ਜਾਂਚ ਕਰ ਰਿਹਾ ਹੈ।
