ਸ਼੍ਰੀਲੰਕਾ : ਸ਼੍ਰੀਲੰਕਾ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਬਿਰਧ ਆਸ਼ਰਮ ਵਿੱਚ ਅੱਗ ਲੱਗਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਸੱਤ ਹੋਰ ਬਜ਼ੁਰਗ ਸੜ ਗਏ। ਪੁਲਿਸ ਨੇ ਦੱਸਿਆ ਕਿ ਬੀਤੀ ਸ਼ਾਮ ਲਗਭਗ 5:30 ਵਜੇ ਕਾਲੂਤਾਰਾ ਜ਼ਿਲ੍ਹੇ ਦੇ ਅੰਗੂਰੂਵਾਟੋਟਾ ਵਿੱਚ ਮਾਵਾਪੀਆ ਸੇਵਾਨਾ ਓਲਡ ਏਜ ਹੋਮ ਵਿੱਚ ਅੱਗ ਲੱਗ ਗਈ। ਇਹ ਜਗ੍ਹਾ ਕੋਲੰਬੋ ਤੋਂ ਲਗਭਗ 65 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ।
ਇੱਕ ਬਜ਼ੁਰਗ ਨੇ ਹਸਪਤਾਲ ਵਿੱਚ ਤੋੜਿਆ ਦਮ
ਪੁਲਿਸ ਨੇ ਦੱਸਿਆ ਕਿ ਇਮਾਰਤ ਵਿੱਚ 10 ਲੋਕ ਮ੍ਰਿਤਕ ਪਾਏ ਗਏ, ਜਦੋਂ ਕਿ ਇੱਕ ਹੋਰ ਬਜ਼ੁਰਗ ਵਿਅਕਤੀ ਨੇ ਹੋਰਾਨਾ ਬੇਸ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਦਮ ਤੌੜ ਦਿੱਤਾ। ਪੁਲਿਸ ਅਨੁਸਾਰ ਕੁੱਲ 51 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦੋਂ ਕਿ 7 ਜ਼ਖਮੀ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ। ਅੱਗ ਦਾ ਦ੍ਰਿਸ਼ ਦੇਖ ਕੇ ਸਥਾਨਕ ਲੋਕ ਡਰ ਗਏ।
ਗੈਸ ਸਿਲੰਡਰ ਫਟਣ ਕਾਰਨ ਲੱਗੀ ਅੱਗ
ਪੁਲਿਸ ਨੇ ਕਿਹਾ ਕਿ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ। ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸ਼ੁਰੂਆਤੀ ਖ਼ਬਰਾਂ ਵਿੱਚ ਸਾਹਮਣੇ ਆਇਆ ਕਿ ਘਟਨਾ ਦੇ ਦੌਰਾਨ ਇੱਕ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਬਚਾਏ ਗਏ ਲੋਕਾਂ ਨੂੰ ਇੱਕ ਸਕੂਲ ਵਿੱਚ ਰੱਖਿਆ ਗਿਆ
ਬਿਰਧ ਆਸ਼ਰਮ ਵਿੱਚ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਦੇ ਅਨੁਸਾਰ, ਬਚਾਏ ਗਏ ਲੋਕ ਅਸਥਾਈ ਤੌਰ ‘ਤੇ ਨੇੜਲੇ ਦੇ ਇੱਕ ਸਕੂਲ ਵਿੱਚ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਸੁਰੱਖਿਅਤ ਸਥਾਨ ‘ਤੇ ਤਬਦੀਲ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ।
