ਜਕਾਰਤਾ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਅੱਜ ਇੱਕ ਮਸਜਿਦ ਵਿੱਚ ਜ਼ੋਰਦਾਰ ਧਮਾਕੇ ਹੋਇਆ ਹੈ। ਨਮਾਜ਼ ਦੌਰਾਨ ਹੋਏ ਧਮਾਕਿਆਂ ਵਿੱਚ ਘੱਟੋ-ਘੱਟ 54 ਲੋਕ ਜ਼ਖਮੀ ਹੋ ਗਏ। ਇਹ ਧਮਾਕੇ ਇੱਕ ਹਾਈ ਸਕੂਲ ਵਿੱਚ ਸਥਿਤ ਇੱਕ ਮਸਜਿਦ ਵਿੱਚ ਹੋਏ। ਜ਼ਖਮੀਆਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਅਤੇ ਅਧਿਆਪਕ ਸਨ , ਉਹ ਜਿਹੜੇ ਜੁੰਮੇ ਦੀ ਨਮਾਜ਼ ਲਈ ਮਸਜਿਦ ਵਿੱਚ ਇਕੱਠੇ ਹੋਏ ਸਨ। ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਘੱਟੋ-ਘੱਟ ਦੋ ਜ਼ੋਰਦਾਰ ਧਮਾਕੇ ਨਮਾਜ਼ ਦੇ ਸਮੇਂ ਸੁਣੇ ਗਏ। ਇਸ ਨਾਲ ਮਸਜਿਦ ਦਾ ਇੱਕ ਹਿੱਸਾ ਡਿੱਗ ਗਿਆ ਅਤੇ ਮੌਜੂਦ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਮਸਜਿਦ ਦੇ ਕੋਲ ਸਥਿਤ ਜਲ ਸੈਨਾ ਕੰਪਲੈਕਸ ਦੇ ਕਰਮਚਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਕਾਰਤਾ ਪੁਲਿਸ ਮੁਖੀ ਅਸੇਪ ਏਡੀ ਸੁਹੇਰੀ ਦੇ ਅਨੁਸਾਰ, ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਪਰ ਧਮਾਕਿਆਂ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਮਸਜਿਦ ਦੇ ਲਾਊਡਸਪੀਕਰ ਦੇ ਨੇੜੇ ਹੋਏ। ਇਸ ਦੀ ਵਜ੍ਹਾ ਜਾਣਨ ‘ਤੇ ਪੁਲਿਸ ਕੰਮ ਕਰ ਰਹੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਬਹੁਤਿਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। 20 ਵਿਦਿਆਰਥੀਆਂ ਨੂੰ ਦਾਖਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਫੋਟੋਆਂ ਵਿੱਚ ਦਿਖਾਇਆ ਗਿਆ ਨੁਕਸਾਨ
ਘਟਨਾ ਸਥਾਨ ਤੋਂ ਆਈਆਂ ਤਸਵੀਰਾਂ ਵਿੱਚ ਮਸਜਿਦ ਦੇ ਇੱਕ ਹਿੱਸੇ ਨੂੰ ਨੁਕਸਾਨ ਦਿਖਾਈ ਦੇ ਰਿਹਾ ਹੈ। ਹਾਲਾਂਕਿ ਤਿੰਨ ਲੋਕਾਂ ਨੂੰ ਗੰਭੀਰ ਸੱਟਾਂ ਤੋਂ ਇਲਾਵਾ ਕਿਸੇ ਵੱਡੇ ਨੁਕਸਾਨ ਦੀ ਗੱਲ ਤੋਂ ਪ੍ਰਸ਼ਾਸਨ ਨੇ ਇਨਕਾਰ ਕੀਤਾ ਹੈ। ਫਿਲਹਾਲ ਜਕਾਰਤਾ ਮੈਟਰੋਪੋਲੀਟਨ ਪੁਲਿਸ ਉੱਤਰੀ ਜਕਾਰਤਾ ਦੇ ਕੇਲਾਪਾ ਗਾਡਿੰਗ ਜ਼ਿਲ੍ਹੇ ਵਿੱਚ ਹੋਏ ਧਮਾਕੇ ਦੇ ਕਾਰਨਾਂ ਦੀ ਜਾਂਚ ਕਰਨ ਵਿੱਚ ਜੁਟੀ ਹੋਈ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਈ ਪੀੜਤਾਂ ਨੂੰ ਸੜਨ ਕਰਕੇ ਸੱਟਾਂ ਲੱਗੀਆਂ ਹਨ। ਹਾਲਾਂਕਿ ਫਿਲਹਾਲ ਅਜਿਹਾ ਨਹੀਂ ਲੱਗਦਾ ਕਿ ਕਿਸੇ ਦੀ ਸੱਟ ਗੰਭੀਰ ਕਿਸਮ ਦੀ ਹੈ। ਮੋਬਾਈਲ ਬ੍ਰਿਗੇਡ ਕੋਰ ਦੀ ਇੱਕ ਬੰਬ ਨਿਰੋਧਕ ਟੀਮ ਨੂੰ ਇਲਾਕੇ ਦੀ ਤਲਾਸ਼ੀ ਲਈ ਤਾਇਨਾਤ ਕੀਤਾ ਗਿਆ ਹੈ। ਹਾਦਸੇ ਦਾ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।
ਘਟਨਾ ਸਥਾਨ ‘ਤੇ ਇੱਕ ਬਾਡੀ ਵੈਸਟ, ਹਥਿਆਰ ਅਤੇ ਬੰਬ ਬਣਾਉਣ ਵਾਲੀ ਸਮੱਗਰੀ ਮਿਲੀ ਹੈ। ਹਾਲਾਂਕਿ, ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਹਤ ਮਿਲੀ ਹੈ ਕਿ ਹਾਦਸੇ ਵਿੱਚ ਕੋਈ ਵਿਦਿਆਰਥੀ ਨਹੀਂ ਮਾਰਿਆ ਗਿਆ। ਬਾਕੀ ਜਾਂਚ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ।
