ਪਾਕਿਸਤਾਨ : ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਹੋਏ ਇੱਕ ਵੱਡੇ ਅੱਤਵਾਦੀ ਬੰਬ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਸ ਸੰਵੇਦਨਸ਼ੀਲ ਖੇਤਰ ਵਿੱਚ ਹੋਏ ਇਸ ਹਮਲੇ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ, ਜਦਕਿ 35 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ।
ਲੱਕੀ ਮਰਵਾਤ ਮਾਰਕੀਟ ਵਿੱਚ ਹੋਇਆ ਧਮਾਕਾ
ਇਹ ਵਿਸਫੋਟ ਲੱਕੀ ਮਰਵਾਤ ਜ਼ਿਲ੍ਹੇ ਦੇ ਇੱਕ ਬਾਜ਼ਾਰ ਵਿੱਚ ਹੋਇਆ। ਸਥਾਨਕ ਪੁਲਿਸ ਮੁਖੀ ਅਜਮਤੁੱਲਾ ਦੇ ਮੁਤਾਬਕ, ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਇੱਕ ਰਿਕਸ਼ੇ ਨੂੰ ਬਾਜ਼ਾਰ ਦੇ ਵਿਚਕਾਰ ਉਡਾ ਦਿੱਤਾ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਆਸ-ਪਾਸ ਦੀਆਂ ਕਈ ਦੁਕਾਨਾਂ ਅਤੇ ਵਾਹਨ ਨੁਕਸਾਨੇ ਗਏ। ਗਵਾਹਾਂ ਅਨੁਸਾਰ, ਧਮਾਕੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਚਾਰੇ ਪਾਸੇ ਧੂੰਏਂ ਦਾ ਗੁਬਾਰ ਫੈਲ ਗਿਆ। ਰਾਹਤ ਅਤੇ ਬਚਾਅ ਦਲ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀਆਂ ਕਰਵਾਇਆ।
ਮ੍ਰਿਤਕਾਂ ਵਿੱਚ ਪੁਲਿਸ ਕਰਮਚਾਰੀ ਅਤੇ ਇੱਕ ਔਰਤ
ਪੁਲਿਸ ਅਨੁਸਾਰ ਹਮਲੇ ਵਿੱਚ ਮਰਨ ਵਾਲਿਆਂ ਵਿੱਚ ਦੋ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਇੱਕ ਔਰਤ ਸ਼ਾਮਲ ਹੈ। ਦੋ ਦਰਜਨ ਤੋਂ ਵੱਧ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਘਟਨਾ ਦਾ ਲਿਆ ਨੋਟਿਸ ਆਈਜੀ ਤੋਂ ਮੰਗੀ ਰਿਪੋਰਟ
ਰੈਸਕਿਊ 1122 ਦੇ ਬੁਲਾਰੇ ਸ਼ਾਹਦਾਬ ਖਾਨ ਨੇ ਦੱਸਿਆ ਕਿ ਧਮਾਕੇ ਦੀ ਸੂਚਨਾ ਮਿਲਦੇ ਹੀ ਰਾਹਤ ਕਾਰਜਾਂ ਦੇ ਲਈ ਐਂਬੂਲੈਂਸਾਂ ਅਤੇ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਇਸ ਦੌਰਾਨ, ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮੁਹੰਮਦ ਸੁਹੈਲ ਅਫਰੀਦੀ ਨੇ ਧਮਾਕੇ ਦਾ ਨੋਟਿਸ ਲਿਆ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਨੂੰ ਘਟਨਾ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂਨੇ ਕਿਹਾ, “ਅਸੀਂ ਇਸ ਮੁਸ਼ਕਲ ਸਮੇਂ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ, ਅਤੇ ਸੂਬਾਈ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।”
