Home ਦੇਸ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਲਦ ਹੋਵੇਗਾ ਵੱਡਾ ਬਦਲਾਅ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਲਦ ਹੋਵੇਗਾ ਵੱਡਾ ਬਦਲਾਅ

0

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਯਾਤਰੀ ਪਹੁੰਚਦੇ ਹਨ। ਇਨ੍ਹਾਂ ਵਿੱਚ ਕਈ ਅਜਿਹੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਨੂੰ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਜਾਣਾ ਪੈਂਦਾ ਹੈ। ਖ਼ਾਸ ਕਰਕੇ ਟਰਮੀਨਲ-1 ਅਤੇ ਟਰਮੀਨਲ-3 ਵਿਚਕਾਰ ਆਉਣ-ਜਾਣ ਲਈ ਯਾਤਰੀਆਂ ਨੂੰ ਸੜਕ ਰਾਹੀਂ ਸਫ਼ਰ ਕਰਨਾ ਪੈਂਦਾ ਹੈ। ਇਸ ਨਾਲ ਸਮਾਂ ਵੀ ਲੱਗਦਾ ਹੈ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਟ੍ਰੈਫਿਕ ਦਾ ਦਬਾਅ ਵੀ ਵਧਦਾ ਹੈ। ਹੁਣ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਇੱਕ ਨਵੀਂ ਆਵਾਜਾਈ ਵਿਵਸਥਾ ਤਿਆਰ ਕੀਤੀ ਜਾ ਰਹੀ ਹੈ।

ਦਿੱਲੀ ਹਵਾਈ ਅੱਡੇ ’ਤੇ ਆਟੋਮੇਟਿਡ ਪੈਸੇਂਜਰ ਮੂਵਰ (APM) ਸਿਸਟਮ ਲਗਾਉਣ ਦੀ ਯੋਜਨਾ ਹੈ। ਇਸ ਦੇ ਤਹਿਤ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਏਅਰ ਟ੍ਰੇਨ ਯਾਤਰੀਆਂ ਨੂੰ ਵੱਖ-ਵੱਖ ਟਰਮੀਨਲਾਂ ਤੱਕ ਪਹੁੰਚਾਏਗਾ। ਇਸ ਪ੍ਰੋਜੈਕਟ ’ਤੇ ਲਗਭਗ 3,500 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ ਅਤੇ ਇਸ ਨੂੰ ਸਾਲ 2030 ਤੱਕ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ।

13 ਮਿੰਟ ਵਿੱਚ ਹੋਵੇਗਾ ਸਫ਼ਰ ਪੂਰਾ

ਇਸ ਏਅਰ ਟ੍ਰੇਨ ਦਾ ਰੂਟ ਲਗਭਗ 7.3 ਕਿਲੋਮੀਟਰ ਲੰਬਾ ਹੋਵੇਗਾ, ਜਿਸ ’ਤੇ ਕੁੱਲ 6 ਸਟੇਸ਼ਨ ਬਣਾਉਣ ਦੀ ਯੋਜਨਾ ਹੈ। ਇਸ ਦੇ ਜ਼ਰੀਏ ਟਰਮੀਨਲ-1 ਤੋਂ ਟਰਮੀਨਲ-3 ਤੱਕ ਪਹੁੰਚਣ ਵਿੱਚ ਲਗਭਗ 13 ਮਿੰਟ ਲੱਗਣਗੇ। ਇਸ ਨਾਲ ਟਰਮੀਨਲ-1, ਟਰਮੀਨਲ-2 ਅਤੇ ਟਰਮੀਨਲ-3 ਤੋਂ ਇਲਾਵਾ ਕਾਰਗੋ ਟਰਮੀਨਲ ਅਤੇ ਏਅਰੋਸਿਟੀ ਨੂੰ ਵੀ ਜੋੜਿਆ ਜਾਵੇਗਾ। ਇੱਕ ਸਟੇਸ਼ਨ ਤੋਂ ਦਿੱਲੀ ਮੈਟਰੋ ਦੀ ਕਨੈਕਟੀਵਿਟੀ ਦੇਣ ਦੀ ਵੀ ਯੋਜਨਾ ਹੈ। APM ਪੂਰੀ ਤਰ੍ਹਾਂ ਆਟੋਮੇਟਿਡ ਆਵਾਜਾਈ ਵਿਵਸਥਾ ਹੋਵੇਗੀ, ਜਿਸ ਵਿੱਚ ਟ੍ਰੇਨ ਚਲਾਉਣ ਲਈ ਡਰਾਈਵਰ ਦੀ ਲੋੜ ਨਹੀਂ ਪਵੇਗੀ।

ਸਮਰੱਥਾ ਵਧਾਉਣ ਦੀ ਤਿਆਰੀ

ਇਸੇ ਦੌਰਾਨ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (DIAL) ਨੇ ਆਉਣ ਵਾਲੇ ਸਾਲਾਂ ਵਿੱਚ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਵਿਸਥਾਰ ਦੀ ਯੋਜਨਾ ਵੀ ਬਣਾਈ ਹੈ। DIAL ਦੇ CEO ਪ੍ਰਦੀਪ ਪਣਿਕਰ ਦੇ ਮੁਤਾਬਕ ਏਅਰ ਟ੍ਰੇਨ ਪ੍ਰੋਜੈਕਟ ਸਾਲ 2036 ਤੱਕ ਤਿਆਰ ਕੀਤੇ ਗਏ 10 ਸਾਲਾ ਮਾਸਟਰ ਪਲਾਨ ਦਾ ਹਿੱਸਾ ਹੈ। ਇਸ ਸਮੇਂ ਦਿੱਲੀ ਹਵਾਈ ਅੱਡੇ ਦੇ ਤਿੰਨਾਂ ਟਰਮੀਨਲਾਂ ਦੀ ਕੁੱਲ ਸਾਲਾਨਾ ਯਾਤਰੀ ਸਮਰੱਥਾ ਲਗਭਗ 10.6 ਕਰੋੜ ਹੈ। ਇਸ ਨੂੰ ਵਧਾ ਕੇ 12.5 ਕਰੋੜ ਕਰਨ ਦੀ ਯੋਜਨਾ ਹੈ।

ਇਸ ਵਿੱਚ ਲਗਭਗ 8.6 ਕਰੋੜ ਘਰੇਲੂ ਅਤੇ 3.9 ਕਰੋੜ ਅੰਤਰਰਾਸ਼ਟਰੀ ਯਾਤਰੀਆਂ ਦੀ ਸਮਰੱਥਾ ਸ਼ਾਮਲ ਹੋਵੇਗੀ। ਭਵਿੱਖ ਵਿੱਚ ਕੁੱਲ ਸਮਰੱਥਾ 12.9 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੌਜੂਦਾ ਵਿਵਸਥਾ ਵਿੱਚ ਟਰਮੀਨਲ-1 ਦੀ ਸਾਲਾਨਾ ਸਮਰੱਥਾ 4.2 ਕਰੋੜ, ਟਰਮੀਨਲ-2 ਦੀ 1.4 ਕਰੋੜ ਅਤੇ ਟਰਮੀਨਲ-3 ਦੀ 5 ਕਰੋੜ ਯਾਤਰੀਆਂ ਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version