ਓਡੀਸ਼ਾ : ਓਡੀਸ਼ਾ ਦੇ ਕੇਓਂਝਾਰ ਜ਼ਿਲ੍ਹੇ ਵਿੱਚ ਅੱਜ ਤੜਕੇ ਇੱਕ ਵਾਹਨ ਦੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਤਿੰਨ ਔਰਤਾਂ ਅਤੇ ਇੱਕ ਬੱਚੇ ਸਮੇਤ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਹਾਦਸਾ ਨੈਸ਼ਨਲ ਹਾਈਵੇ-20 ‘ਤੇ ਘਾਟਗਾਓਂ ਇਲਾਕੇ ਦੇ ਬਲੀਜੋੜੀ ਪਿੰਡ ਨੇੜੇ ਉਸ ਸਮੇਂ ਵਾਪਰਿਆ ਜਦੋਂ ਵਾਹਨ ‘ਚ ਸਵਾਰ ਲੋਕ ਇਕ ਮੰਦਰ ‘ਚ ਦਰਸ਼ਨ ਕਰਨ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੰਜ ਜ਼ਖ਼ਮੀਆਂ ਦਾ ਇਲਾਜ ਕੇਓਂਝਾਰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਚੱਲ ਰਿਹਾ ਹੈ, ਜਦੋਂ ਕਿ ਤਿੰਨ ਹੋਰਾਂ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਕਟਕ ਦੇ ਐਸ.ਸੀ.ਬੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਗੰਜਮ ਜ਼ਿਲ੍ਹੇ ਦੇ ਪੁਡਾਮਾਰੀ ਪਿੰਡ ਤੋਂ ਕੁੱਲ 20 ਲੋਕ ਤ੍ਰੈਣੀ ਦੇਵੀ ਦੇ ਦਰਸ਼ਨਾਂ ਲਈ ਮੰਦਰ ਜਾ ਰਹੇ ਸਨ। ਇਹ ਹਾਦਸਾ ਮੰਦਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਹ ਹਾਦਸਾ ਡਰਾਈਵਰ ਵੱਲੋਂ ਨੀਂਦ ਆਉਣ ਕਾਰਨ ਵਾਪਰਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।